ਜ਼ੀਰਕਪੁਰ, 9 ਦਸੰਬਰ (ਮਨਿੰਦਰ ਸਿੰਘ)-ਬਲਟਾਣਾ ਪੁਲਿਸ ਨੇ ਫ਼ਰਨੀਚਰ ਮਾਰਕੀਟ ਦੇ ਪਿੱਛੇ ਪਏ ਖਾਲੀ ਪਲਾਟ 'ਚੋਂ ਇਕ ਸ਼ੱਕੀ ਨੌਜਵਾਨ ਨੂੰ ਫੜ ਕੇ ਉਸ ਦਾ ਡੋਪ ਟੈਸਟ ਕਰਵਾਇਆ | ਡੋਪ ਟੈਸਟ 'ਚ ਇਹ ਨੌਜਵਾਨ ਮੋਰਫਿਨ, ਬੈਂਜੋਡਾਇਆਜ਼ੇਪੀਨ ਤੇ ਟਰਾਮਾਡੋਲ ਲਈ ਪਾਜ਼ੀਟਿਵ ਪਾਇਆ ਗਿਆ, ਜਿਸ ਕਾਰਨ ਉਸ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ | ਮਾਮਲੇ ਸੰਬੰਧੀ ਬਲਟਾਣਾ ਚੌਕੀ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਪਵਨ ਕੁਮਾਰ ਪੁਲਿਸ ਟੀਮ ਸਮੇਤ ਫ਼ਰਨੀਚਰ ਮਾਰਕੀਟ, ਬਲਟਾਣਾ ਦੇ ਇਲਾਕੇ 'ਚ ਗਸ਼ਤ ਕਰ ਰਹੇ ਸਨ | ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਨੀਰਜ ਮੰਗਲ ਵਾਸੀ ਆਨੰਦ ਵਿਹਾਰ ਬਲਟਾਣਾ, ਜੋ ਕਿ ਨਸ਼ਾ ਕਰਨ ਦਾ ਆਦੀ ਹੈ, ਮਾਰਕੀਟ ਦੇ ਪਿੱਛੇ ਖਾਲੀ ਪਲਾਟ 'ਚ ਖੜ੍ਹਾ ਹੈ | ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ ਅਤੇ ਪੁਲਿਸ ਨੂੰ ਦੇਖ ਕੇ ਨੌਜਵਾਨ ਫ਼ਰਾਰ ਹੋਣ ਲੱਗਾ, ਪਰ ਟੀਮ ਨੇ ਉਸ ਨੂੰ ਘੇਰ ਲਿਆ | ਤਲਾਸ਼ੀ ਦੌਰਾਨ ਉਸ ਕੋਲੋਂ ਕੋਈ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ, ਪਰ ਸ਼ੱਕ ਦੇ ਚਲਦਿਆਂ ਉਸ ਦਾ ਸਿਵਲ ਹਸਪਤਾਲ ਫੇਜ਼-6 ਮੁਹਾਲੀ ਤੋਂ ਡੋਪ ਟੈਸਟ ਕਰਵਾਇਆ ਗਿਆ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ | ਰਿਪੋਰਟ ਮਿਲਣ 'ਤੇ ਪੁਲਿਸ ਨੇ ਨੌਜਵਾਨ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |