ਜ਼ੀਰਕਪੁਰ, 9 ਦਸੰਬਰ (ਮਨਿੰਦਰ ਸਿੰਘ)-ਸੋਮਵਾਰ ਦੁਪਹਿਰ ਸਮੇਂ ਛੱਤ ਲਾਈਟ ਪੁਆਇੰਟ 'ਤੇ ਇਕ ਟਰੱਕ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਪਿਓ-ਧੀ ਦੀ ਮੌਤ ਹੋ ਗਈ | ਮਿ੍ਤਕਾਂ ਦੀ ਪਛਾਣ ਰਮੇਸ਼ ਕੁਮਾਰ (55) ਤੇ ਉਸ ਦੀ ਧੀ ਸੁਮਿਤਾ (25) ਵਾਸੀ ਬਸੰਤ ਵਿਹਾਰ ਡੇਰਾਬੱਸੀ ਵਜੋਂ ਹੋਈ ਹੈ | ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ | ਹਾਦਸੇ ਸੰਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਜ਼ੀਰਕਪੁਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਅਨੁਸਾਰ ਸੁਮਿਤਾ ਬਨੂੰੜ ਦੇ ਇਕ ਕਾਲਜ ਵਿਖੇ ਐਮ. ਬੀ. ਏ. ਦੀ ਪੜ੍ਹਾਈ ਕਰ ਰਹੀ ਸੀ | ਅੱਜ ਉਸ ਦਾ ਪੇਪਰ ਸੀ ਤੇ ਉਸ ਦਾ ਪਿਤਾ ਉਸ ਨੂੰ ਛੱਤ ਲਾਈਟ ਪੁਆਇੰਟ ਤੋਂ ਬਨੰੂੜ ਜਾਣ ਲਈ ਬੱਸ ਚੜ੍ਹਾਉਣ ਵਾਸਤੇ ਆਇਆ ਸੀ | ਉਸ ਦਾ ਪਿਤਾ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ਵਿਖੇ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ | ਪੁਲਿਸ ਅਨੁਸਾਰ ਜਿਵੇਂ ਹੀ ਪਿਓ-ਧੀ ਮੋਟਰਸਾਈਕਲ 'ਤੇ ਛੱਤ ਲਾਈਟ ਪੁਆਇੰਟ ਦੇ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਆ ਰਹੇ ਇਕ ਵੱਡੇ ਟਰਾਲੇ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਦੋਵੇਂ ਸੜਕ 'ਤੇ ਡਿੱਗ ਗਏ ਅਤੇ ਟਰੱਕ ਉਨ੍ਹਾਂ ਦੇ ਉੱਪਰੋਂ ਦੀ ਲੰਘ ਗਿਆ | ਹਾਦਸੇ ਦੀ ਸੂਚਨਾ ਮਿਲਣ 'ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ 'ਤੇ ਪਹੁੰਚੀ ਤੇ ਦੋਵਾਂ ਨੂੰ ਡੇਰਾਬੱਸੀ ਹਸਪਤਾਲ ਪਹੁੰਚਾਇਆ, ਜਿਥੇ ਕਿ ਉਨ੍ਹਾਂ ਦੀ ਮੌਤ ਹੋ ਗਈ | ਜਾਂਚ ਅਧਿਕਾਰੀ ਲਾਭ ਸਿੰਘ ਨੇ ਦੱਸਿਆ ਕਿ ਹਾਦਸਾ ਟਰੱਕ ਚਾਲਕ ਦੀ ਲਾਪ੍ਰਵਾਹੀ ਕਾਰਨ ਵਾਪਰਿਆ ਹੈ | ਫ਼ਿਲਹਾਲ ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |