29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਚੰਡੀਗੜ੍ਹ ਏਅਰਪੋਰਟ 'ਤੇ ਸਵੇਰੇ ਦੋ ਫਲਾਈਟਾਂ ਅਚਾਨਕ ਰੱਦ, ਯਾਤਰੀ ਹੋਏ ਪ੍ਰੇਸ਼ਾਨ <br/>

ਅਜੀਤ ਡੈਸਕ 10-12-2025
ਚੰਡੀਗੜ੍ਹ, 9 ਦਸੰਬਰ (ਕਪਿਲ ਵਧਵਾ)-ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮੰਗਲਵਾਰ ਸਵੇਰੇ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਓਦੋਂ ਕਰਨਾ ਪਿਆ, ਜਦੋਂ ਮੁੰਬਈ ਤੇ ਦਿੱਲੀ ਜਾਣ ਵਾਲੀਆਂ ਦੋ ਮਹੱਤਵਪੂਰਨ ਫਲਾਈਟਾਂ ਅਚਾਨਕ ਰੱਦ ਕਰ ਦਿੱਤੀਆਂ ਗਈਆਂ | ਸਵੇਰੇ 5 ਵਜੇ ਮੁੰਬਈ ਲਈ ਉੱਡਣ ਵਾਲੀ ਫਲਾਈਟ ਅਤੇ 5:45 ਵਜੇ ਦਿੱਲੀ ਜਾਣ ਵਾਲੀ ਫਲਾਈਟ ਨੂੰ ਏਅਰਲਾਈਨ ਵਲੋਂ ਆਖ਼ਰੀ ਸਮੇਂ 'ਤੇ ਰੱਦ ਕਰ ਦਿੱਤੀ ਗਈ | ਯਾਤਰੀਆਂ ਨੇ ਦੱਸਿਆ ਕਿ ਕਈ ਲੋਕਾਂ ਨੂੰ ਫਲਾਈਟ ਰੱਦ ਹੋਣ ਦੀ ਸੂਚਨਾ ਰਾਤ ਦੇਰ ਨਾਲ ਦਿੱਤੀ ਗਈ, ਜਦਕਿ ਕਈਆਂ ਨੂੰ ਤਾਂ ਏਅਰਪੋਰਟ ਪਹੁੰਚਣ ਤੋਂ ਬਾਅਦ ਹੀ ਇਹ ਜਾਣਕਾਰੀ ਮਿਲੀ | ਇਸ ਕਰ ਕੇ ਅਹਿਮ ਮੀਟਿੰਗਾਂ, ਦਫ਼ਤਰੀ ਕੰਮ ਤੇ ਕਨੈਕਟਿੰਗ ਫਲਾਈਟਾਂ ਮਿਸ ਹੋ ਗਈਆਂ, ਜਿਸ ਨਾਲ ਯਾਤਰੀਆਂ ਵਿਚ ਭਾਰੀ ਰੋਸ ਵੇਖਿਆ ਗਿਆ | ਏਅਰਪੋਰਟ ਅਧਿਕਾਰੀਆਂ ਮੁਤਾਬਿਕ, ਏਅਰਲਾਈਨ ਨੇ 'ਓਪਰੇਸ਼ਨਲ ਕਾਰਨਾਂ' ਦਾ ਹਵਾਲਾ ਦਿੰਦਿਆਂ ਦੋਵੇਂ ਉਡਾਣਾਂ ਰੱਦ ਕੀਤੀਆਂ | ਫਲਾਈਟਾਂ ਰੱਦ ਹੋਣ ਮਗਰੋਂ ਰਿਫੰਡ ਤੇ ਰੀ-ਸ਼ੈਡੀਊਲਿੰਗ ਕਾਊਾਟਰਾਂ 'ਤੇ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ | ਮਜਬੂਰਨ ਯਾਤਰੀਆਂ ਨੂੰ ਏਅਰਲਾਈਨਸ ਵਲੋਂ ਅਗਲੀ ਉਪਲਬਧ ਫਲਾਈਟ 'ਚ ਐਡਜਸਟ ਕਰਨ ਜਾਂ ਰਿਫੰਡ ਲੈਣ ਦੇ ਵਿਕਲਪ ਚੁਣਨੇ ਪਏ | ਪਿਛਲੇ ਕੁੱਝ ਦਿਨਾਂ ਤੋਂ ਚੰਡੀਗੜ੍ਹ ਏਅਰਪੋਰਟ ਤੋਂ ਚੱਲ ਰਹੀਆਂ ਕਈ ਉਡਾਣਾਂ ਜਾਂ ਤਾਂ ਦੇਰੀ ਨਾਲ ਰਵਾਨਾ ਹੋ ਰਹੀਆਂ ਹਨ ਜਾਂ ਫਿਰ ਰੱਦ ਕੀਤੀਆਂ ਜਾ ਰਹੀਆਂ ਹਨ | ਮੌਸਮ 'ਚ ਬਦਲਾਅ ਅਤੇ ਏਅਰਲਾਈਨ ਦੇ ਅੰਦਰੂਨੀ ਓਪਰੇਸ਼ਨਲ ਮੁੱਦਿਆਂ ਕਰਕੇ ਯਾਤਰੀ ਲਗਾਤਾਰ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਫਲਾਈਟ ਕੈਂਸਲੇਸ਼ਨ ਦੀ ਜਾਣਕਾਰੀ ਸਮੇਂ ਸਿਰ ਨਹੀਂ ਦਿੱਤੀ ਜਾਂਦੀ, ਜਿਸ ਨਾਲ ਏਅਰਪੋਰਟ 'ਤੇ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਜਾਂਦਾ ਹੈ | ਇਸ ਦੌਰਾਨ ਮੰਗਲਵਾਰ ਦੁਪਹਿਰ ਨੂੰ ਇੰਡੀਗੋ ਦੇ ਸੀ. ਈ. ਓ. ਪੀਟਰ ਐਲਬਰਸ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ 'ਐਕਸ' 'ਤੇ ਇਕ ਵੀਡੀਓ ਸੁਨੇਹਾ ਜਾਰੀ ਕਰਦਿਆਂ ਕਿਹਾ ਕਿ ਇੰਡੀਗੋ ਦੀਆਂ ਫਲਾਈਟਾਂ ਨੂੰ ਕਾਫ਼ੀ ਹੱਦ ਤੱਕ ਨਾਰਮਲ ਕਰ ਲਿਆ ਗਿਆ ਹੈ ਅਤੇ ਜ਼ਿਆਦਾਤਰ ਕੈਂਸਲ ਫਲਾਈਟਾਂ ਵਾਲੇ ਯਾਤਰੀਆਂ ਨੂੰ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ | ਦੂਜੇ ਪਾਸੇ ਦੇਰ ਸ਼ਾਮ ਮਿਲੀ ਜਾਣਕਾਰੀ ਮੁਤਾਬਿਕ ਸਰਦੀ ਦੇ ਤੈਅ ਸ਼ਡਿਊਲ ਤਹਿਤ ਕਰੀਬ 40 ਲੈਂਡਿੰਗ ਤੇ 40 ਡਿਪਾਰਚਰ ਫਲਾਈਟਾਂ 'ਚੋਂ ਬੁੱਧਵਾਰ ਲਈ ਰੱਦ ਜਾਂ ਦੇਰੀ ਵਾਲੀਆਂ ਇੰਡੀਗੋ ਫਲਾਈਟਾਂ ਬਾਰੇ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲੀ ਹੈ | ਅਜਿਹੀ ਸਥਿਤੀ 'ਚ ਜੇਕਰ ਮੰਗਲਵਾਰ ਦੇਰ ਰਾਤ ਇੰਡੀਗੋ ਵਲੋਂ ਕਿਸੇ ਉਡਾਣ ਨੂੰ ਰੱਦ ਕੀਤਾ ਜਾਂਦਾ ਹੈ ਤਾਂ ਯਾਤਰੀਆਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ |

ਪਿਛਲੀ ਖ਼ਬਰ ਚੰਡੀਗੜ੍ਹ ਦੇ ਐਮ. ਸੀ. ਬਾਗ਼ਬਾਨੀ ਵਿਭਾਗ ਦੇ ਕਰਮਚਾਰੀਆਂ ਵਲੋਂ ਪ੍ਰਦਰਸ਼ਨ <br/> ਅਗਲੀ ਖ਼ਬਰ ਚਾਰ ਦਿਨਾਂ ਤੋਂ ਪਾਣੀ ਨਾ ਆਉਣ ਕਾਰਨ ਵਿਕਾਸ ਨਗਰ ਵਾਸੀਆਂ ਨੇ ਸੜਕ 'ਤੇ ਖਾਲੀ ਭਾਂਡੇ ਰੱਖ ਲਗਾਇਆ ਜਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।