25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਡਾਲਰ ਬਦਲਣ ਦੇ ਨਾਂਅ 'ਤੇ ਫੋਰੈਕਸ ਵਪਾਰੀ ਨਾਲ ਮਾਰੀ 50 ਲੱਖ ਦੀ ਠੱਗੀ <br/>

ਅਜੀਤ ਡੈਸਕ 05-12-2025
ਜ਼ੀਰਕਪੁਰ, 4 ਦਸੰਬਰ (ਮਨਿੰਦਰ ਸਿੰਘ)-ਬਲਟਾਣਾ ਪੁਲਿਸ ਨੇ ਪਟਿਆਲਾ ਦੇ ਫੋਰੈਕਸ ਵਪਾਰੀ ਨਾਲ ਡਾਲਰ ਬਦਲਣ ਦੀ ਆੜ 'ਚ 50 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਵਿਰੁੱਧ ਬੀ. ਐਨ. ਐਸ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਦੀ ਪਛਾਣ ਬੱਬੂ ਵਾਸੀ ਗਿੱਦੜਬਾਹਾ ਤੇ ਸੰਨੀ ਵਜੋਂ ਹੋਈ ਹੈ ਜੋ ਹਾਲੇ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹਨ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਵਿਨੋਦ ਕੁਮਾਰ ਵਾਸੀ ਤੇਜ਼ ਬਾਗ ਕਾਲੋਨੀ ਪਟਿਆਲਾ ਨੇ ਦੱਸਿਆ ਕਿ ਉਹ ਪਿਛਲੇ 5-6 ਸਾਲਾਂ ਤੋਂ 'ਸਿੰਗਲਾ ਫੋਰੈਕਸ' ਨਾਂਅ ਹੇਠ ਮਨੀ ਐਕਸਚੇਂਜ ਦਾ ਕਾਰੋਬਾਰ ਕਰਦਾ ਹੈ | ਪੀੜਤ ਦੇ ਅਨੁਸਾਰ ਉਸ ਦਾ ਜਾਣਕਾਰ ਬੱਬੂ ਵਾਸੀ ਗਿੱਦੜਬਾਹਾ, ਜੋ ਹੁਣ ਗੁਰੂਗ੍ਰਾਮ 'ਚ ਰਹਿੰਦਾ ਹੈ, ਨੇ ਉਸ ਨੂੰ ਡਾਲਰ ਬਦਲਣ ਦਾ ਵਾਅਦਾ ਕਰਕੇ ਧੋਖਾ ਦਿੱਤਾ ਹੈ | ਵਿਨੋਦ ਨੇ ਕਿਹਾ ਕਿ ਤਿੰਨ ਦਿਨ ਪਹਿਲਾਂ ਬੱਬੂ ਨੇ ਉਸ ਨੂੰ ਫ਼ੋਨ ਕਰਕੇ ਦੱਸਿਆ ਕਿ ਉਸ ਦਾ ਦੋਸਤ ਸੰਨੀ ਲਗਪਗ 50 ਲੱਖ ਰੁ. ਦੇ ਅਮਰੀਕੀ ਡਾਲਰ ਬਦਲਣਾ ਚਾਹੁੰਦਾ ਹੈ, ਜਿਸ ਸੰਬੰਧੀ ਸ਼ਿਕਾਇਤਕਰਤਾ ਵਿਨੋਦ ਆਪਣੇ ਭਰਾ ਸੁਰਿੰਦਰ ਕੁਮਾਰ ਤੇ ਪੁੱਤਰ ਕਸ਼ਿਸ਼ ਸਿੰਗਲਾ ਨਾਲ ਨਿਰਧਾਰਤ ਸਮੇਂ 'ਤੇ ਬੱਬੂ ਨੂੰ ਮਿਲਣ ਲਈ ਜ਼ੀਰਕਪੁਰ ਪਹੁੰਚ ਗਏ | ਇਸ ਦੌਰਾਨ ਬੱਬੂ ਪਹਿਲਾਂ ਬਿੱਗ ਬਾਜ਼ਾਰ ਦੇ ਨੇੜੇ ਪਹੁੰਚਿਆ ਤੇ ਉਸ ਦੇ ਕਹਿਣ 'ਤੇ ਸੰਨੀ ਵੀ ਥੋੜੀ ਦੇਰ ਬਾਅਦ ਇਕ ਚਿੱਟੇ ਰੰਗ ਦੀ ਕਰੇਟਾ ਕਾਰ ਵਿਚ ਉਥੇ ਪਹੁੰਚ ਗਿਆ ਅਤੇ ਗੱਲਬਾਤ ਦੌਰਾਨ ਸੰਨੀ ਨੇ ਉਨ੍ਹਾਂ ਨੂੰ ਵਿਸ਼ਵਾਸ ਵਿਚ ਲੈ ਲਿਆ ਅਤੇ ਬਿਨਾਂ ਗਿਣਤੀ ਕੀਤੇ ਪੈਸਿਆਂ ਵਾਲਾ ਬੈਗ ਕਾਰ ਦੀ ਡਿੱਗੀ 'ਚ ਰੱਖ ਲਿਆ | ਇਸ ਤੋਂ ਬਾਅਦ ਉਹ ਆਪਣੇ ਫਲੈਟ ਤੋਂ ਡਾਲਰ ਲਿਆਉਣ ਦਾ ਵਾਅਦਾ ਕਰਕੇ ਕਾਰ ਰਾਹੀਂ ਪੰਚਕੂਲਾ ਵੱਲ ਚਲ ਪਏ | ਇਸ ਦੌਰਾਨ ਸੰਨੀ ਨੇ ਬਲਟਾਣਾ ਦੇ ਵਧਾਵਾ ਨਗਰ ਨੇੜੇ ਕਾਰ ਰੋਕੀ ਤੇ ਡਾਲਰ ਲਿਆਉਣ ਦਾ ਕਹਿ ਕੇ ਉਸ ਨੂੰ ਤੇ ਉਸ ਦੇ ਭਰਾ ਨੂੰ ਉਤਰਨ ਲਈ ਕਿਹਾ, ਜਦ ਕਿ ਬੱਬੂ ਕਾਰ ਵਿਚ ਹੀ ਰਿਹਾ | ਇਸ ਦੌਰਾਨ ਉਹ ਦੋਵੇਂ ਕਾਰ ਲੈ ਕੇ ਭੱਜ ਗਏ ਅਤੇ ਬਾਅਦ 'ਚ ਉਨ੍ਹਾਂ ਦੇ ਮੋਬਾਈਲ ਫੋਨ ਵੀ ਬੰਦ ਹੋ ਗਏ, ਜਿਸ ਕਾਰਨ ਪੀੜਤ ਨੂੰ ਆਪਣੇ ਨਾਲ ਹੋਈ ਧੋਖਾਧੜੀ ਦਾ ਅਹਿਸਾਸ ਹੋਇਆ ਅਤੇ ਉਸ ਨੇ ਬਲਟਾਣਾ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ |

ਪਿਛਲੀ ਖ਼ਬਰ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਅੱਜ ਕਰਨਗੇ ਜ਼ੀਰਕਪੁਰ ਦਾ ਦੌਰਾ <br/> ਅਗਲੀ ਖ਼ਬਰ ਪਰਿਵਾਰ ਨਿਯੋਜਨ ਸਮਾਜਿਕ ਤਰੱਕੀ ਲਈ ਵੀ ਜ਼ਰੂਰੀ-ਸਿਵਲ ਸਰਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।