ਲਾਲੜੂ, 24 ਨਵੰਬਰ (ਰਾਜਬੀਰ ਸਿੰਘ)-ਸਾਬਕਾ ਵਿਧਾਇਕ ਅਤੇ ਅਕਾਲੀ ਦਲ ਦੇ ਖ਼ਜ਼ਾਨਚੀ ਐਨ. ਕੇ. ਸ਼ਰਮਾ ਨੇ ਅੱਜ ਹੰਡੇਸਰਾ ਸਰਕਲ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਵੋਟ ਬੈਂਕ ਤਰਨਤਾਰਨ ਵਿਖੇ ਹੋਈ ਜ਼ਿਮਨੀ ਚੋਣ 'ਚ ਵਧਿਆ ਹੈ ਅਤੇ ਪੰਜਾਬ ਸਮੇਤ ਹਲਕੇ ਦੇ ਲੋਕਾਂ 'ਚ ਅਕਾਲੀ ਦਲ ਨੂੰ ਲੈ ਕੇ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਹੰਡੇਸਰਾ ਸਰਕਲ ਦੇ ਪਾਰਟੀ ਵਰਕਰਾਂ ਦਾ ਉਤਸ਼ਾਹ ਦੇਖ ਕੇ ਕਿਹਾ ਕਿ ਅਕਾਲੀ ਦਲ ਦੀ ਮਜ਼ਬੂਤ ਸਥਿਤੀ ਹੁੰਦੀ ਜਾ ਰਹੀ ਹੈ ਅਤੇ ਅਕਾਲੀ ਦਲ ਹਲਕੇ 'ਚ ਪੂਰੀਆਂ ਸੀਟਾਂ ਉੱਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਨੂੰ ਖੜ੍ਹੇ ਕਰੇਗਾ ਤੇ ਜਿੱਤ ਹਾਸਿਲ ਕਰੇਗਾ | ਸਾਬਕਾ ਵਿਧਾਇਕ ਸ਼ਰਮਾ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਥਿਤੀ ਪੂਰੇ ਪੰਜਾਬ 'ਚ ਦਿੱਲੀ ਵਾਂਗ ਖ਼ਤਮ ਹੁੰਦੀ ਜਾ ਰਹੀ ਹੈ ਅਤੇ ਅਕਾਲੀ ਦਲ ਦੀ ਉੱਭਰਦੀ ਸਥਿਤੀ ਤੋਂ ਹੋਰਨਾਂ ਪਾਰਟੀਆਂ ਵੀ ਘਬਰਾ ਚੁੱਕੀਆਂ ਹਨ | ਉਨ੍ਹਾਂ ਨੇ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਬੂਥ ਪੱਧਰ ਉੱਤੇ ਅਕਾਲੀ ਦਲ ਦੀ ਸਥਿਤੀ ਮਜ਼ਬੂਤ ਬਣਾਈ ਰੱਖਣ ਦੀ ਗੱਲ ਵੀ ਆਖੀ | ਇਸ ਮੌਕੇ ਓ. ਪੀ. ਸ਼ਰਮਾ, ਗੁਰਬਿੰਦਰ ਗਿੰਦੂ ਬਸੌਲੀ, ਅਜੈਬ ਅੰਟਾਲਾ, ਬਿ੍ਜੇਸ਼ ਰਾਣਾ, ਪਰਵਿੰਦਰ ਜੌਲਾ, ਜਸਬੀਰ ਸਿੰਘ ਰਾਣੀਮਾਜਰਾ, ਬਲਵਿੰਦਰ ਹਮਾਂਯੂਪੁਰ, ਰਣਦੀਪ ਨਗਲਾ, ਵਰਿੰਦਰ ਖੇਲਣ ਅਤੇ ਜਲ ਸਿੰਘ ਰਾਣਾ ਖੇਲਣ ਆਦਿ ਵੀ ਹਾਜ਼ਰ ਸਨ |