ਐੱਸ. ਏ. ਐੱਸ. ਨਗਰ, 24 ਨਵੰਬਰ (ਕਪਿਲ ਵਧਵਾ)-ਮੁਹਾਲੀ ਅਦਾਲਤ ਨੇ ਹੱਤਿਆ ਅਤੇ ਸਾਜ਼ਿਸ਼ ਦੇ ਦੋਸ਼ਾਂ ਹੇਠ ਨਾਮਜ਼ਦ ਹਰਭਜਨ ਦਾਸ (73) ਤੇ ਉਸਦੇ ਪੁੱਤਰ ਅਨਿਲ ਕੁਮਾਰ (45), ਰਿੰਪੀ ਭਾਟੀਆ ਅਤੇ ਲਕਸ਼ਮੀ ਦੇਵੀ ਨੂੰ ਸੋਮਵਾਰ ਨੂੰ ਵੱਡੀ ਰਾਹਤ ਦਿੱਤੀ ਗਈ ਹੈ | ਅਦਾਲਤ ਨੇ ਉਨ੍ਹਾਂ ਦੀ ਅਗਾਊਾ ਜ਼ਮਾਨਤ ਅਰਜ਼ੀ ਮੰਜ਼ੂਰ ਕਰਦੇ ਹੋਏ 7 ਦਿਨਾਂ ਅੰਦਰ ਇਲਾਕਾ ਮੈਜਿਸਟ੍ਰੇਟ ਸਾਹਮਣੇ ਹਾਜ਼ਰ ਹੋਣ ਦੇ ਆਦੇਸ਼ ਜਾਰੀ ਕੀਤੇ ਹਨ | ਇਹ ਮਾਮਲਾ 2017 ਦੀ ਇਕ ਘਟਨਾ ਨਾਲ ਜੁੜਿਆ ਹੈ, ਜਿਸ ਵਿਚ ਸ਼ਿਕਾਇਤਕਰਤਾ ਭਾਰਤ ਭੂਸ਼ਣ ਦੀ ਮਾਤਾ ਸੁਰਿੰਦਰ ਕੌਰ ਦੀ ਭੇਦ ਭਰੇ ਹਾਲਾਤਾਂ ਵਿਚ ਮੌਤ ਹੋ ਗਈ ਸੀ | ਇਸ ਮਾਮਲੇ ਦੀ ਸ਼ੁਰੂਆਤੀ ਕਾਰਵਾਈ ਵਿਚ ਸਥਾਨਕ ਥਾਣਾ ਫੇਜ਼-1 ਵਿਖੇ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਆਈ. ਪੀ. ਸੀ. ਦੀ ਧਾਰਾ 279 ਅਤੇ 304-ਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਬਾਅਦ ਵਿਚ ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਇਹ ਹਾਦਸਾ ਨਹੀਂ, ਸਾਜ਼ਿਸ਼ ਤਹਿਤ ਕੀਤੀ ਹੱਤਿਆ ਹੈ ਅਤੇ ਉਨ੍ਹਾਂ ਤਰਨਜੀਤ ਸਿੰਘ ਉਰਫ਼ ਲਾਡੀ ਅਤੇ ਪਰਿਵਾਰਕ ਮੈਂਬਰਾਂ ਉੱਤੇ ਕਤਲ ਦੇ ਦੋਸ਼ ਲਗਾਏ, ਜਿਸ ਤੋਂ ਬਾਅਦ ਇਸ ਮਾਮਲੇ ਵਿਚ ਆਈ. ਪੀ. ਸੀ. ਦੀ ਧਾਰਾ 302, 120-ਬੀ ਤਹਿਤ ਅਦਾਲਤੀ ਕਾਰਵਾਈ ਸ਼ੁਰੂ ਕੀਤੀ ਗਈ | ਜ਼ਮਾਨਤ ਅਰਜ਼ੀ ਦੀ ਸੁਣਵਾਈ ਮੌਕੇ ਬਚਾਅ ਪੱਖ ਦੇ ਵਕੀਲ ਐਚ. ਐੱਸ. ਧਨੋਆ ਵਲੋਂ ਦਲੀਲ ਦਿੱਤੀ ਗਈ ਕਿ ਨਾ ਤਾਂ ਇਹ ਚਾਰ ਵਿਅਕਤੀ ਪਹਿਲਾਂ ਦਰਜ ਐੱਫ਼. ਆਈ. ਆਰ. ਵਿਚ ਨਾਮਜ਼ਦ ਸਨ ਅਤੇ ਨਾ ਹੀ ਪੁਲੀਸ ਜਾਂਚ ਦੌਰਾਨ ਉਨ੍ਹਾਂ ਦੇ ਖ਼ਿਲਾਫ਼ ਕੋਈ ਸਬੂਤ ਸਾਹਮਣੇ ਆਏ | ਉਨ੍ਹਾਂ ਦੇ ਨਾਂ ਸ਼ਿਕਾਇਤਕਰਤਾ ਵਲੋਂ ਤਿੰਨ ਸਾਲ ਬਾਅਦ ਪਹਿਲੀ ਵਾਰ ਵਿਰੋਧ ਪਟੀਸ਼ਨ ਵਿਚ ਲਏ ਗਏ ਸਨ | ਬਚਾਅ ਪੱਖ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਨੇ ਆਪਣੀ ਪਤਨੀ ਦੇ ਨਜਾਇਜ਼ ਸੰਬੰਧਾਂ ਦੇ ਸ਼ੱਕ ਤਹਿਤ ਆਪਣੀ ਪਤਨੀ, ਉਸਦੇ ਪ੍ਰੇਮੀ ਅਤੇ ਪਤਨੀ ਦੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਮਾਤਾ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਸੀ | ਹਾਲਾਂਕਿ ਜ਼ਮਾਨਤ ਅਰਜ਼ੀ 'ਤੇ ਸਰਕਾਰੀ ਧਿਰ ਦੇ ਵਿਰੋਧ ਕਰਨ ਦੇ ਬਾਵਜੂਦ ਆਪਣੇ ਫੈਸਲੇ ਵਿਚ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਤੇਜ਼ ਪ੍ਰਤਾਪ ਸਿੰਘ ਰੰਧਾਵਾ ਦੀ ਅਦਾਲਤ ਨੇ ਕਿਹਾ ਕਿ ਪਟੀਸ਼ਨਕਰਤਾਵਾਂ ਦੀ ਗਿ੍ਫਤਾਰੀ ਦੌਰਾਨ ਪੁੱਛਗਿੱਛ ਦੀ ਕੋਈ ਤਤਕਾਲੀ ਲੋੜ ਨਹੀਂ ਹੈ | ਇਸ ਲਈ ਅਦਾਲਤ ਵਲੋਂ ਅਗਾਊਾ ਜ਼ਮਾਨਤ ਮਨਜ਼ੂਰ ਕੀਤੀ ਗਈ ਹੈ |