ਐੱਸ. ਏ. ਐੱਸ. ਨਗਰ, 21 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਸ਼ਹਿਰ ਦੇ ਵਸਨੀਕਾਂ ਵਲੋਂ ਦੀਵਾਲੀ ਤੇ ਬੰਦੀ ਛੋੜ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਸੋਮਵਾਰ 20 ਅਕਤੂਬਰ ਨੂੰ ਦੀਵਾਲੀ ਮੌਕੇ ਸ਼ਹਿਰ ਦੇ ਸਾਰੇ ਮੰਦਰਾਂ ਵਿਚ ਸ਼ਰਧਾਲੂਆਂ ਦੀਆ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ | ਇਸ ਮੌਕੇ ਪਰਿਵਾਰ ਸਮੇਤ ਪਹੁੰਚੇ ਸ਼ਰਧਾਲੂਆਂ ਵਲੋਂ ਪੂਜਾ ਕਰਨ ਉਪਰੰਤ ਮੰਦਰਾਂ ਵਿਚ ਦੀਪਮਾਲਾ ਕੀਤੀ ਗਈ, ਜਦਕਿ 21 ਅਕਤੂਬਰ ਨੂੰ ਬੰਦੀ ਛੋੜ ਦਿਵਸ ਮੌਕੇ ਸ਼ਹਿਰ ਦੇ ਸਾਰੇ ਗੁਰਦੁਆਰਾ ਸਾਹਿਬ ਵਿਚ ਸੰਗਤਾਂ ਦੀ ਭਾਰੀ ਆਮਦ ਦੇਖਣ ਨੂੰ ਮਿਲੀ | ਸੰਗਤਾਂ ਵਲੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਕਥਾ ਕੀਰਤਨ ਸਰਵਣ ਕਰਨ ਉਪਰੰਤ ਦੀਪਮਾਲਾ ਕੀਤੀ ਗਈ | ਪ੍ਰਸ਼ਾਸਨ ਵਲੋਂ ਦੀਵਾਲੀ ਦੀ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਹੀ ਪਟਾਕੇ ਚਲਾਉਣ ਦੇ ਦਿੱਤੇ ਹੁਕਮਾਂ ਨੂੰ ਦਰਕਿਨਾਰ ਕਰਦਿਆਂ ਸ਼ਹਿਰ ਵਾਸੀਆਂ ਨੇ ਬੇਖ਼ੌਫ ਹੋ ਕੇ ਅੱਧੀ ਰਾਤ ਤੱਕ ਪਟਾਕੇ ਤੇ ਆਤਿਸ਼ਬਾਜ਼ੀ ਚਲਾਈ | ਰਾਤ 10 ਵਜੇ ਤੋਂ ਬਾਅਦ ਪਟਾਕੇ ਚਲਾ ਰਹੇ ਲੋਕਾਂ ਨੂੰ ਰੋਕਣ ਜਾਂ ਜਾਗਰੂਕ ਕਰਨ ਲਈ ਕਿਸੇ ਵੀ ਵਿਭਾਗ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆਂ | ਵੱਡੇ ਪਟਾਕਿਆਂ ਦੇ ਧਮਾਕਿਆਂ ਕਾਰਨ ਕਾਰਾਂ ਦੇ ਲਾਕਿੰਗ ਸਾਇਰਨ ਵਾਰ ਵਾਰ-ਵਜਦੇ ਰਹੇ, ਜਿਨ੍ਹਾਂ ਨੂੰ ਬੰਦ ਕਰਨ ਲਈ ਕਾਰ ਮਾਲਕਾਂ ਨੂੰ ਕਈ ਵਾਰ ਬਾਹਰ ਨਿਕਲਨਾ ਪਿਆ | ਪਟਾਕੇ ਤੇ ਆਤਿਸ਼ਬਾਜ਼ੀ ਕਾਰਨ ਸ਼ਹਿਰ ਦੀ ਖ਼ਰਾਬ ਹੋਈ ਆਬੋ ਹਵਾ ਖ਼ਰਾਬ ਕਾਰਨ ਜਿਥੇ ਦਮੇ ਦੇ ਰੋਗੀਆਂ ਤੇ ਬਜ਼ੁਰਗਾਂ ਨੂੰ ਸਾਹ ਲੈਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਉਥੇ ਇਨ੍ਹਾਂ ਚਲਾਏ ਪਟਾਕਿਆਂ ਦੀ ਆਵਾਜ਼ ਕਾਰਨ ਪਸ਼ੂ, ਪੰਛੀ ਡਰੇ ਤੇ ਸਹਿਮੇ ਹੋਏ ਨਜ਼ਰ ਆਏ | ਦੀਵਾਲੀ ਦੀ ਰਾਤ 20 ਅਕਤੂਬਰ ਨੂੰ ਸਥਾਨਕ ਫ਼ੇਜ਼ 6 ਦੇ ਜ਼ਿਲ੍ਹਾ ਸਿਵਲ ਹਸਪਤਾਲ ਵਿਚ ਪਟਾਕਿਆਂ ਕਾਰਨ ਅੱਖਾਂ, ਹੱਥ-ਪੈਰ ਜਲਨ ਦੇ ਕੁੱਲ 22 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ 19 ਮਾਮਲੇ ਹੱਥਾਂ ਅਤੇ ਬਾਂਹਾਂ ਦੇ ਸੜਨ ਦੇ ਸੀ, ਜਦਕਿ ਪਟਾਕਿਆਂ ਕਾਰਨ ਅੱਖਾਂ ਜਲਨ ਦੇ 3 ਮਾਮਲੇ ਸਾਹਮਣੇ ਆਏ. ਜਿਨ੍ਹਾਂ ਦਾ ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਇਲਾਜ ਕੀਤਾ ਗਿਆ | ਇਨ੍ਹਾਂ ਮਾਮਲਿਆਂ ਵਿਚ ਇਕ ਹੀ ਪਰਿਵਾਰ ਦੇ 4 ਬੱਚਿਆਂ ਦੀ ਪਟਾਕਿਆਂ ਕਾਰਨ ਝੁਲਸਣ ਦੀ ਵੀ ਜਾਣਕਾਰੀ ਮਿਲੀ ਹੈ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਚਲੇ ਪਟਾਕਿਆਂ ਦਾ ਬਰੂਦ ਇੱਕਠਾ ਕਰਦੇ ਸਮੇਂ ਹੋਏ ਧਮਾਕੇ ਵਿਚ ਇਨ੍ਹਾਂ ਚਾਰੇ ਬੱਚਿਆਂ ਦੇ ਮੂੰਹ ਅਤੇ ਹੱਥਾਂ 'ਤੇ ਸੱਟਾਂ ਲੱਗੀਆਂ |