ਚੰਡੀਗੜ੍ਹ, 21 ਅਕਤੂਬਰ (ਅਜਾਇਬ ਸਿੰਘ ਅÏਜਲਾ)-ਚੰਡੀਗੜ੍ਹ ਸ਼ਹਿਰ ਵਿਚ ਇਸ ਵਾਰੀ ਵੀ ਦੀਵਾਲੀ ਦੇ ਤਿਉਹਾਰ ਨੂੰ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ | ਚੰਡੀਗੜ੍ਹ ਦੇ ਵੱਖ-ਵੱਖ ਗੁਰਦੁਆਰਿਆਂ ਵਿਚ 'ਬੰਦੀ ਛੋੜ ਦਿਵਸ' ਨੂੰ ਸ਼ਰਧਾ ਭਾਵਨਾ ਨਾਲ ਮਨਾਉਂਦੇ ਹੋਏ ਇਤਿਹਾਸ ਬਾਰੇ ਵੀ ਸੰਗਤਾਂ ਨੂੰ ਜਾਣੂੰ ਕਰਵਾਇਆ ਗਿਆ | ਗੁਰਦੁਆਰਿਆਂ ਵਿਚ ਸੰਗਤਾਂ ਸਵੇਰ ਤੋਂ ਹੀ ਹੁੰਮ ਹੁਮਾ ਕੇ ਗੁਰੂ ਘਰਾਂ ਵਿਚ ਨਤਮਸਤਕ ਹੋਈਆਂ | ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਦੇ ਬਾਜ਼ਾਰਾਂ ਵਿਚ ਦੀਵਾਲੀ ਦੇ ਤਿਉਹਾਰ ਮੌਕੇ ਜਿੱਥੇ ਲੋਕਾਂ ਦੀ ਆਮ ਭੀੜ ਦੇਖੀ ਗਈ ਉੱਥੇ ਖ਼ਰੀਦਦਾਰੀ ਪ੍ਰਤੀ ਪਿਛਲੇ ਵਰ੍ਹੇ ਨਾਲੋਂ ਇਸ ਵਾਰੀ ਉਤਸ਼ਾਹ ਜ਼ਰੂਰ ਘੱਟ ਪਾਇਆ ਗਿਆ | ਇਸ ਸਬੰਧੀ ਦੁਕਾਨਦਾਰਾਂ ਵਿਚ ਕੁਝ ਮਾਯੂਸੀ ਦਾ ਆਲਮ ਵੀ ਜ਼ਰੂਰ ਝਲਕ ਰਿਹਾ ਸੀ | ਵੱਖ-ਵੱਖ ਖੇਤਰਾਂ ਵਿਚ ਕੰਮ ਕਰਨ ਵਾਲੇ ਲੋਕ ਵੀ ਆਪਣੇ ਬੱਚਿਆਂ ਨੂੰ ਰੰਗ ਬਿਰੰਗੇ ਸੋਹਣੇ ਕੱਪੜੇ ਪਹਿਨਾ ਕੇ ਬਾਜ਼ਾਰਾਂ ਦੀ ਰੌਣਕਾਂ ਨੂੰ ਦਿਖਾਉਣ ਲਈ ਜ਼ਰੂਰ ਪੁੱਜੇ ਹੋਏ ਸਨ | ਇਸ ਵਾਰੀ ਲੋਕਾਂ ਵਲੋਂ ਦੀਵੇ, ਮੋਮਬੱਤੀਆਂ ਤੇ ਰੰਗੋਲੀ ਨਾਲ ਆਪਣੇ ਘਰਾਂ ਦੀ ਸਜਾਵਟ ਵੱਲ ਜ਼ਿਆਦਾ ਤਵੱਜੋ ਦਿੱਤੀ ਹੋਈ ਸੀ | ਉਲੇਖਣੀ ਹੈ ਕਿ ਇਸ ਵਾਰੀ ਵੀ ਟਰਾਈਸਿਟੀ ਦੇ ਲੋਕਾਂ ਵਿਚ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਜੱਕੋ-ਤੱਕੇ ਵਾਲੀ ਸਥਿਤੀ ਬਣੀ ਰਹੀ | ਉਨ੍ਹਾਂ ਵਲੋਂ ਅੱਜ ਵੀ ਦੀਵਾਲੀ ਦੇ ਤਿਉਹਾਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸੇ ਦੌਰਾਨ 'ਬੰਦੀ ਛੋੜ ਦਿਵਸ' ਸਬੰਧੀ ਬਜ਼ੁਰਗਾਂ, ਅÏਰਤਾਂ, ਨੌਜਵਾਨਾਂ ਅਤੇ ਬੱਚੇ ਵੀ ਵੱਡੀ ਗਿਣਤੀ ਵਿਚ ਗੁਰਦੁਆਰਾ ਸਾਹਿਬ ਵਿਚ ਪੁੱਜੇ | ਇਸ ਮੌਕੇ 'ਤੇ ਸਮੂਹ ਨਾਨਕ ਨਾਮ ਲੇਵਾ ਸੰਗਤ ਨੇ ਗੁਰਦੁਆਰਾ ਕਲਗੀਧਰ ਖੇੜੀ ਸੈਕਟਰ-20 ਵਿਖੇ ਹਾਜ਼ਰੀ ਲਵਾਈ | ਇਸ ਸਬੰਧੀ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਦੀਵਾਨ ਸਜਾਏ ਗਏ ਜਿਨ੍ਹਾਂ ਵਿਚ ਗੁਰਬਾਣੀ ਕੀਰਤਨ ਅਤੇ ਸਿੱਖ ਇਤਿਹਾਸ ਦੀ ਕਥਾ ਵਿਚਾਰਾਂ ਕੀਤੀਆਂ ਗਈਆਂ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੁਕਮ ਸਿੰਘ, ਮੋਹਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਮੀਤ ਸਿੰਘ, ਹਰਵਿੰਦਰ ਸਿੰਘ ਆਦਿ ਨੇ ਸੰਗਤ ਨਾਲ ਮਿਲ ਕੇ ਸੇਵਾ ਨਿਭਾਈ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਗੁਰ ਇੰਦਰ ਬੀਰ ਸਿੰਘ ਨੇ ਇਸ ਮੌਕੇ ਕਿਹਾ ਕਿ ਹਰ ਸਾਲ ਵਾਂਗ ਇਸ ਸਾਲ ਵੀ ਸੰਗਤਾਂ ਬੜੀ ਸ਼ਰਧਾ ਅਤੇ ਸਤਿਕਾਰ ਨਾਲ 'ਬੰਦੀ ਛੋੜ ਦਿਵਸ' ਨੂੰ ਮਨਾ ਰਹੀਆਂ ਹਨ ਅਤੇ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਉਪਕਾਰਾਂ ਨੂੰ ਯਾਦ ਕਰ ਰਹੀਆਂ ਹਨ | ਇਸ ਮੌਕੇ 'ਤੇ ਕੀਰਤਨੀ ਜਥਾ ਭਾਈ ਦਿਲਬਰ ਸਿੰਘ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ | ਇਸੇ ਲੜੀ ਤਹਿਤ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਸੈਕਟਰ 34 ਵਿਖੇ ਸਵੇਰ ਸਮੇਂ ਭਾਈ ਮਨਜਿੰਦਰ ਸਿੰਘ ਹਜ਼ੂਰੀ ਰਾਗੀ, ਭਾਈ ਗੁਰਵਿੰਦਰ ਸਿੰਘ ਪਾਰਸ, ਹਜ਼ੂਰੀ ਰਾਗੀ ਵਲੋਂ ਆਪਣੇ ਕੀਰਤਨ ਰਾਹੀਂ ਅਤੇ ਸ਼ਾਮ ਨੂੰ ਭਾਈ ਗੁਰਸੇਵਕ ਸਿੰਘ ਚੰਡੀਗੜ੍ਹ ਵਾਲੇ, ਭਾਈ ਗੁਰਪ੍ਰੀਤ ਸਿੰਘ ਸਾਬਕਾ ਹਜ਼ੂਰੀ ਰਾਗੀ ਅਤੇ ਭਾਈ ਦਵਿੰਦਰ ਸਿੰਘ ਜ਼ੀਰਕਪੁਰ ਵਾਲਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਅਤੇ ਕੀਰਤਨ ਜਰੀਏ ਨਿਹਾਲ ਕੀਤਾ | ਇਸੇ ਦੌਰਾਨ ਗੁਰਦੁਆਰਾ ਸਾਹਿਬ ਸੈਕਟਰ 7, 8, 15, 19, 27, 40, 46 , ਪਿੰਡ ਮਲੋਆ ਅਤੇ ਸ਼ਹਿਰ ਵਿਚ ਪੈਂਦੇ ਗੁਰੂ ਘਰਾਂ ਵਿਚ ਸੰਗਤਾਂ ਸ਼ਰਧਾ ਨਾਲ ਪੁੱਜੀਆਂ | ਸੰਗਤਾਂ ਵਲੋਂ ਖਾਸ ਤੌਰ ਤੇ ਗੁਰੂ ਘਰਾਂ ਅੰਦਰ ਅਤੇ ਬਾਹਰ ਸੜਕ 'ਤੇ ਦੀਵੇ, ਮੋਮਬੱਤੀਆਂ ਬਾਲ ਕੇ ਆਪਣੀ ਆਸਥਾ ਦਾ ਪ੍ਰਗਟਾਵਾ ਵੀ ਕੀਤਾ | ਕੀਰਤਨ ਜਥਿਆਂ ਵਲੋਂ ਗੁਰੂ ਘਰਾਂ ਵਿਚ 'ਬੰਦੀ ਛੋੜ ਦਿਵਸ' ਦੇ ਇਤਿਹਾਸ ਦਾ ਵਰਨਣ ਸੰਗਤਾਂ ਦੇ ਸਨਮੁੱਖ ਪੇਸ਼ ਕਰਨ ਦੇ ਨਾਲ ਨਾਲ ਕੀਰਤਨ ਰਾਹੀਂ ਵੀ ਸੰਗਤਾਂ ਨੂੰ ਗੁਰ ਸ਼ਬਦ ਨਾਲ ਜੋੜਿਆ | ਚੰਡੀਗੜ੍ਹ ਦੇ ਤਕਰੀਬਨ ਸਾਰੇ ਹੀ ਗੁਰੂ ਘਰਾਂ ਨੂੰ ਰੰਗ ਬਰੰਗੀਆਂ ਲੜੀਆਂ ਨਾਲ ਸਜਾਉਂਦੇ ਹੋਏ ਦੀਪ ਮਾਲਾ ਵੀ ਕੀਤੀ ਹੋਈ ਸੀ | ਚੰਡੀਗੜ੍ਹ ਦੀ ਐੱਸ.ਐੱਸ.ਪੀ. ਕੰਵਰਦੀਪ ਕੌਰ ਨੇ ਡਿਊਟੀ ਦੌਰਾਨ ਆਪੋ ਆਪਣੀਆਂ ਥਾਵਾਂ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਤਕ ਪਹੁੰਚ ਕਰਕੇ ਉਨ੍ਹਾਂ ਨੂੰ ਮਠਿਆਈਆਂ ਵੰਡੀਆਂ ਅਤੇ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ | ਚੰਡੀਗੜ੍ਹ ਪ੍ਰਸ਼ਾਸਨ ਵਲੋਂ ਭਾਵੇਂ ਸ਼ਹਿਰ 'ਚ ਪਟਾਕਿਆਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਹਦਾਇਤਾਂ ਵੀ ਕੀਤੀਆਂ ਗਈਆਂ ਸਨ ਪਰ ਲੋਕ ਫਿਰ ਵੀ ਦੇਰ ਰਾਤ ਤੱਕ ਪਟਾਕੇ ਵਜਾਉਂਦੇ ਹੋਏ ਦੀਵਾਲੀ ਦੇ ਤਿਉਹਾਰ ਪ੍ਰਤੀ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਰਹੇ |
ਚੰਡੀਗੜ੍ਹ 'ਚ 'ਦੀਵਾਲੀ ਤੇ ਬੰਦੀ ਛੋੜ ਦਿਵਸ' ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ <br/>
ਅਜੀਤ ਡੈਸਕ
22-10-2025