ਚੰਡੀਗੜ੍ਹ, 30 ਅਗਸਤ, (ਕਪਿਲ ਵਧਵਾ)- ਚੰਡੀਗੜ੍ਹ ਵਿਖੇ ਸਰਕਾਰੀ ਕੰਮ ਵਿਚ ਰੁਕਾਵਟ ਪਾਉਣ ਦੀਆਂ ਤਿੰਨ ਚਿੰਤਾਜਨਕ ਘਟਨਾਵਾਂ ਸਾਹਮਣੇ ਆਇਆ ਹਨ | ਇਸ ਦੌਰਾਨ ਇਕ ਹਫ਼ਤੇ ਦੇ ਅੰਦਰ ਪੁਲਿਸ ਅਧਿਕਾਰੀਆਂ ਨੂੰ ਤਿੰਨ ਵਾਰ ਡਿਊਟੀ 'ਚ ਰੁਕਾਵਟਾਂ ਅਤੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ | ਇਸ ਸਬੰਧੀ ਵੱਖ-ਵੱਖ ਥਾਣਿਆਂ 'ਚ ਵੱਖ-ਵੱਖ ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ | ਇਕ ਤਾਜ਼ਾ ਘਟਨਾ 28 ਅਗਸਤ ਨੂੰ ਵਾਪਰੀ, ਜਦੋਂ ਥਾਣਾ ਸਾਰੰਗਪੁਰ ਦੀ ਇਕ ਮਹਿਲਾ ਏ. ਐੱਸ. ਆਈ. ਨੇ ਮਨਦੀਪ ਸਿੰਘ ਰਾਇਤ ਨਾਮ ਦੇ ਵਿਅਕਤੀ ਨੂੰ ਧਨਾਸ ਦੇ ਬੀਟਬਾਕਸ ਨੇੜੇ ਨਾਕਾਬੰਦੀ ਦੌਰਾਨ ਰੋਕਿਆ ਤਾਂ ਕਥਿਤ ਤੌਰ 'ਤੇ ਉਸ ਨੇ ਮਹਿਲਾਂ ਅਧਿਕਾਰੀ ਨਾਲ ਨਾਕੇ 'ਤੇ ਡਿਊਟੀ ਦੌਰਾਨ ਦੁਰਵਿਵਹਾਰ ਕੀਤਾ ਅਤੇ ਰੁਕਾਵਟ ਪੈਦਾ ਕੀਤੀ | ਸੂਤਰਾਂ ਅਨੁਸਾਰ ਉਸ ਸਮੇਂ ਮਹਿਲਾਂ ਅਧਿਕਾਰੀ ਮੋਟਰਸਾਈਕਲ ਸਵਾਰ ਵਿਅਕਤੀ ਦੀ ਬਾਇਕ ਦੀ ਚਾਬੀ ਕੱਡਣ ਲੱਗੀ ਤਾਂ ਉਸ ਨੇ ਕਥਿਤ ਤੌਰ 'ਤੇ ਮਹਿਲਾ ਅਧਿਕਾਰੀ ਦੀ ਬਾਂਹ ਫੜ੍ਹ ਲਈ ਅਤੇ ਕਾਫੀ ਦੇਰ ਤੱਕ ਨਹੀਂ ਛੱਡੀ | ਇਸ ਮਾਮਲੇ ਸਬੰਧੀ ਪੁਲਿਸ ਨੇ ਬੀ. ਐਨ. ਐੱਸ. ਦੀ ਧਾਰਾ 74 ਅਤੇ 132 ਤਹਿਤ ਐੱਫ. ਆਈ. ਆਰ. ਦਰਜ ਕਰਕੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ | ਦੂਜਾ ਮਾਮਲਾ ਥਾਣਾ ਸੈਕਟਰ-34 ਤੋਂ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੀ. ਸੀ. ਆਰ 'ਚ ਤਾਇਨਾਤ ਏ. ਐੱਸ. ਆਈ. ਦੀਪਾਂਸ਼ੂ ਨੇ ਦਿਨੇਸ਼ ਵਾਸੀ ਮਨੀਮਾਜਰਾ ਅਤੇ ਇਕ ਅਣਪਛਾਤੇ ਵਿਅਕਤੀ ਵਲੋਂ ਉਸ 'ਤੇ ਹਮਲਾ ਕਰਨ ਸ਼ਿਕਾਇਤ ਦਰਜ ਕਰਵਾਈ ਹੈ | ਪੀੜਤ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਜਿਸ ਨੂੰ ਇਲਾਜ ਲਈ ਜੀ. ਐਮ. ਸੀ. ਐੱਚ-32 'ਚ ਦਾਖਲ ਕਰਵਾਇਆ ਗਿਆ | ਸੂਤਰਾਂ ਅਨੁਸਾਰ ਉਹ ਲੜਾਈ-ਝਗੜੇ ਦੀ ਸ਼ਿਕਾਇਤ ਮਿਲਣ 'ਤੇ ਮੌਕਾ ਦੇਖਣ ਲਈ ਮੌਕਾ ਪਹੁੰਚਿਆ ਸੀ ਜਿਸ ਦੌਰਾਨ ਉਸ 'ਤੇ ਹਮਲਾ ਹੋਇਆ | ਪੁਲਿਸ ਨੇ ਇਸ ਸਬੰਧੀ ਇਰਾਦਾ ਕਤਲ ਐਫ. ਆਈ. ਆਰ. ਦਰਜ ਕਰਕੇ ਹਮਲਾਵਰਾਂ ਦੀ ਪਛਾਣ 'ਚ ਜੁੱਟ ਗਈ ਹੈ | ਤੀਜੀ ਅਤੇ ਸਭ ਤੋਂ ਗੰਭੀਰ ਘਟਨਾ 21 ਅਗਸਤ ਦੀ ਰਾਤ ਨੂੰ ਓਦੋਂ ਵਾਪਰੀ, ਜਦੋਂ 5-6 ਅਣਪਛਾਤੇ ਨੌਜਵਾਨਾਂ ਨੇ ਸੈਕਟਰ-16 (ਡੀ) ਵਾਈਨ ਸ਼ਾਪ ਨੇੜੇ ਦੋ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ | ਕਾਂਸਟੇਬਲ ਪ੍ਰਦੀਪ ਅਤੇ ਕਾਂਸਟੇਬਲ ਅੰਕਿਤ ਯਾਦਵ ਇਸ ਦੌਰਾਨ ਜ਼ਖਮੀ ਹੋ ਗਏ | ਇਸ ਮਾਮਲੇ ਸਬੰਧੀ ਬੀ. ਐਨ. ਐੱਸ. ਦੀ ਧਾਰਾ 191(2), 190, 115(2), 121(1), ਅਤੇ 132 ਤਹਿਤ ਥਾਣਾ ਸੈਕਟਰ 17 ਵਿਖੇ ਐਫ. ਆਈ. ਆਰ ਦਰਜ ਕਰ ਲਈ ਸੀ | ਸੀਨੀਅਰ ਪੁਲਿਸ ਅਧਿਕਾਰੀਆਂ ਨੇ ਘਟਨਾਵਾਂ ਦਾ ਨੋਟਿਸ ਲੈਂਦਿਅ ਕਿਹਾ ਕਿ ਜਾਂਚ ਜਾਰੀ ਹੈ ਅਤੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਵੀ ਜ਼ਰੂਰ ਕੀਤੀ ਜਾਵੇਗੀ | ਇਕ ਤੋਂ ਬਾਅਦ ਇਕ ਵਾਪਰੀਆਂ ਤਿੰਨੋਂ ਘਟਨਾਵਾਂ ਨੇ ਯੂ. ਟੀ. ਦੀ ਕਾਨੂੰਨ ਵਿਵਸਥਾ ਅਤੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਸੁਰੱਖਿਆ ਪ੍ਰਤੀ ਚਿੰਤਾਵਾਂ ਵਧਾ ਦਿੱਤੀਆਂ ਹਨ | ਇਸ ਦੇ ਨਾਲ ਹੀ ਇਨ੍ਹਾਂ ਘਟਨਾਵਾਂ ਨੇ ਚੰਡੀਗੜ੍ਹ ਵਿਚ ਕਾਨੂੰਨ ਲਾਗੂ ਕਰਨ ਵਿਚ ਰੁਕਾਵਟ ਪਾਉਣ ਵਾਲਿਆਂ ਵਿਰੁੱਧ ਸਖ਼ਤ ਰੋਕਥਾਮ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਹੈ |