04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਝਰਮਲ ਨਦੀ 'ਚ ਰੁੜ੍ਹੇ ਬਜ਼ੁਰਗ ਦੀ ਲਾਸ਼ ਪਰਿਵਾਰ ਵਾਲਿਆਂ ਨੇ ਖ਼ੁਦ ਬਾਹਰ ਕੱਢੀ <br/>

ਅਜੀਤ ਡੈਸਕ 31-08-2025
ਲਾਲੜੂ, 30 ਅਗਸਤ (ਰਾਜਬੀਰ ਸਿੰਘ)-ਬੀਤੇ ਕੱਲ੍ਹ ਝਰਮਲ ਨਦੀ ਪਾਰ ਆਪਣੇ ਖੇਤਾਂ 'ਚੋਂ ਘਾਹ ਲੈ ਕੇ ਵਾਪਸ ਪਰਤਦੇ ਸਮੇਂ ਪਾਣੀ 'ਚ ਰੁੜ੍ਹੇ ਇਕ ਬਜ਼ੁਰਗ ਦੀ ਲਾਸ਼ ਅੱਜ ਪਰਿਵਾਰ ਤੇ ਹਮਦਰਦਾਂ ਵਲੋਂ ਖ਼ੁਦ ਹੀ ਨਦੀ 'ਚੋਂ ਬਾਹਰ ਕੱਢੀ ਗਈ | ਇਸ ਮੌਕੇ ਜਿਥੇ ਪਰਿਵਾਰ ਵਾਲਿਆਂ 'ਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਦੇਖਣ ਨੂੰ ਮਿਲਿਆ, ਉਥੇ ਹੀ ਸਾਬਕਾ ਵਿਧਾਇਕ ਐਨ. ਕੇ. ਸ਼ਰਮਾ ਨੇ ਇਸ ਮਾਮਲੇ 'ਚ ਲਾਪ੍ਰਵਾਹੀ ਵਰਤਣ ਦਾ ਦੋਸ਼ ਲਗਾਇਆ | ਜ਼ਿਕਰਯੋਗ ਹੈ ਕਿ ਜਨਕ ਰਾਜ ਨਾਮਕ ਇਹ ਬਜ਼ੁਰਗ ਬੀਤੇ ਕੱਲ੍ਹ ਸਵੇਰੇ 9 ਵਜੇ ਆਪਣਾ ਰੇਹੜਾ ਲੈ ਕੇ ਘਾਹ ਲੈਣ ਲਈ ਨਦੀ ਪਾਰ ਸਥਿਤ ਆਪਣੇ ਖੇਤਾਂ 'ਚ ਗਿਆ ਸੀ | ਖੇਤਾਂ 'ਚ ਜਾਣ ਸਮੇਂ ਨਦੀ 'ਚ ਪਾਣੀ ਨਹੀਂ ਸੀ, ਪਰ ਜਦੋਂ ਉਹ ਘਾਹ ਲੈ ਕੇ ਵਾਪਸ ਆਇਆ ਤਾਂ ਨਦੀ 'ਚ ਅਚਾਨਕ ਪਾਣੀ ਆ ਗਿਆ | ਇਸ ਪਾਣੀ ਦੇ ਵਹਾਅ 'ਚ ਜਨਕ ਰਾਜ ਰੁੜ੍ਹ ਗਿਆ ਅਤੇ ਪਰਿਵਾਰ ਵਲੋਂ ਪ੍ਰਸ਼ਾਸਨ ਨੂੰ ਵਾਰ-ਵਾਰ ਮਦਦ ਦੀ ਗੁਹਾਰ ਲਗਾਉਣ ਦੇ ਬਾਵਜੂਦ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ | ਜਿਵੇਂ ਹੀ ਨਦੀ 'ਚ ਪਾਣੀ ਘਟਿਆ ਤਾਂ ਪਰਿਵਾਰ ਵਾਲਿਆਂ ਨੇ ਪ੍ਰਸ਼ਾਸਨ ਤੋਂ ਆਸ ਮੁਕਾ ਕੇ ਖ਼ੁਦ ਹੀ ਨਦੀ 'ਚੋਂ ਬਜ਼ੁਰਗ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਅਤੇ ਘਟਨਾ ਸਥਾਨ ਤੋਂ ਅੱਧਾ ਕਿੱਲੋਮੀਟਰ ਅੱਗੇ ਜਾ ਕੇ ਬਜ਼ੁਰਗ ਦੀ ਲਾਸ਼ ਮਿਲੀ | ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਨਾ ਤਾਂ ਪ੍ਰਸ਼ਾਸਨ ਨੇ ਬਜ਼ੁਰਗ ਨੂੰ ਲੱਭਣ 'ਚ ਮਦਦ ਕੀਤੀ ਅਤੇ ਨਾ ਹੀ ਉਸ ਦੀ ਲਾਸ਼ ਮਿਲਣ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਉਣ ਲਈ ਕੋਈ ਸਹਿਯੋਗ ਦਿੱਤਾ | ਇਸੇ ਦੌਰਾਨ ਇਸ ਘਟਨਾ ਦਾ ਪਤਾ ਚਲਦਿਆਂ ਹੀ ਸਾਬਕਾ ਵਿਧਾਇਕ ਐਨ. ਕੇ. ਸ਼ਰਮਾ ਘਟਨਾ ਵਾਲੀ ਥਾਂ ਉੱਤੇ ਪੁੱਜ ਗਏ ਅਤੇ ਉਨ੍ਹਾਂ ਖ਼ੁਦ ਵੀ ਐਸ. ਐਮ. ਓ. ਨੂੰ ਐਂਬੂਲੈਂਸ ਲਈ ਫ਼ੋਨ ਕੀਤਾ, ਪਰ ਐਂਬੂਲੈਂਸ ਸਮੇਂ ਉੱਤੇ ਨਾ ਪੁੱਜ ਪਾਈ, ਜਿਸ ਕਾਰਨ ਸਾਬਕਾ ਵਿਧਾਇਕ ਸ਼ਰਮਾ ਨੇ ਲਾਸ਼ ਨੂੰ ਆਪਣੀ ਗੱਡੀ ਰਾਹੀਂ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ | ਇਸ ਮੌਕੇ ਸਾਬਕਾ ਵਿਧਾਇਕ ਸ਼ਰਮਾ ਨੇ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਨਦੀ 'ਚ ਪਾਣੀ ਆਉਣ ਦੀ ਅਨਾਊਾਸਮੈਂਟ ਕਰਵਾਈ ਜਾਂਦੀ ਤਾਂ ਇਸ ਵਿਅਕਤੀ ਦੀ ਜਾਨ ਬਚ ਸਕਦੀ ਸੀ | ਉਨ੍ਹਾਂ ਜਨਕ ਰਾਜ ਦੀ ਮੌਤ ਲਈ ਪ੍ਰਸਾਸ਼ਨ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਪਰਿਵਾਰ ਦੀ ਬਾਂਹ ਫੜੇ੍ਹ ਤੇ ਪਰਿਵਾਰ ਨੂੰ 1 ਕਰੋੜ ਰੁ. ਮੁਆਵਜ਼ਾ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ | ਡੇਰਾਬੱਸੀ ਹਸਪਤਾਲ 'ਚੋਂ ਪੋਸਟਮਾਰਟਮ ਉਪਰੰਤ ਪੁਲਿਸ ਨੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਅਤੇ ਅੱਜ ਬਾਅਦ ਦੁਪਹਿਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਮਿ੍ਤਕ ਦੇਹ ਦਾ ਸਸਕਾਰ ਕਰ ਦਿੱਤਾ ਗਿਆ | ਉਧਰ ਦੂਜੇ ਪਾਸੇ ਇਸ ਸੰਬੰਧੀ ਸੰਪਰਕ ਕਰਨ 'ਤੇ ਐਸ. ਐਮ. ਓ. ਲਾਲੜੂ ਨਵੀਨ ਕੌਸ਼ਿਕ ਨੇ ਕਿਹਾ ਕਿ ਉਨ੍ਹਾਂ ਕੋਲ ਫ਼ੋਨ ਆਇਆ ਸੀ ਕਿ ਐਂਬੂਲੈਂਸ ਚਾਹੀਦੀ ਹੈ, ਪਰ ਹਸਪਤਾਲ ਕੋਲ ਕੋਈ ਆਪਣੀ ਐਂਬੂਲੈਂਸ ਨਹੀਂ ਹੈ | ਉਨ੍ਹਾਂ ਨੂੰ ਵੀ ਜੇਕਰ ਲੋੜ ਪੈਂਦੀ ਹੈ ਤਾਂ ਉਹ ਵੀ 108 ਨੰਬਰ 'ਤੇ ਕਾਲ ਕਰਕੇ ਹੀ ਐਂਬੂਲੈਂਸ ਮੰਗਵਾਉਂਦੇ ਹਨ |

ਪਿਛਲੀ ਖ਼ਬਰ ਐਸ. ਬੀ. ਪੀ. ਨਾਰਥ ਵੈਲੀ ਟਾਵਰ 'ਚ ਸਿਲੰਡਰ ਫਟਣ ਕਾਰਨ ਲੱਗੀ ਅੱਗ <br/> ਅਗਲੀ ਖ਼ਬਰ 2 ਸੂਬਿਆਂ ਨੂੰ ਆਪਸ 'ਚ ਜੋੜਦੀ ਬਰਵਾਲਾ ਸੜਕ 'ਤੇ ਸਫ਼ਰ ਕਰਨਾ ਹੋਇਆ ਔਖਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।