ਚੰਡੀਗੜ੍ਹ, 30 ਅਗਸਤ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ ਪੀ.ਐਸ.ਯੂ(ਲਲਕਾਰ) ਨੇ ਵਿਦਿਆਰਥੀਆਂ ਵਿਚ ਹਸਤਾਖ਼ਰ ਮੁਹਿੰਮ ਚਲਾ ਕੇ ਡੀਨ ਭਲਾਈ ਅਫ਼ਸਰ ਨੂੰ ਮੰਗ ਪੱਤਰ ਦਿੱਤਾ ਗਿਆ | ਜਿਸ ਦੌਰਾਨ ਕੈਂਪਸ 'ਚੋਂ ਗੱਡੀਆਂ ਨੂੰ ਬੰਦ ਕਰਨ ਦੀ ਮੰਗ ਰੱਖੀ ਗਈ | ਜਾਣਕਾਰੀ ਦਿੰਦੇ ਹੋਏ ਪੀ.ਐਸ.ਯੂ (ਲਲਕਾਰ) ਦੇ ਆਗੂ ਜੋਬਨ ਨੇ ਕਿਹਾ ਕਿ ਐੱਸ.ਐੱਸ.ਪੀ ਨਾਲ ਹੋਈ ਮੀਟਿੰਗ ਵਿਚ ਵੀ ਇਸ ਮਸਲੇ ਦਾ ਹੱਲ ਦਿੱਤਾ ਸੀ ਕਿ ਯੂਨੀਵਰਸਿਟੀ ਵਿਚ ਚਾਰ ਪਹੀਆ ਵਾਹਨ ਦੇ ਆਉਣ 'ਤੇ ਰੋਕ ਲਾਈ ਜਾਵੇ | ਮਸਲਾ ਇਕੱਲੇ ਅਪਰਾਧੀ ਤੱਤਾਂ ਦਾ ਹੀ ਨਹੀਂ ਹੈ ਸਗੋਂ ਗੱਡੀਆਂ ਕੈਂਪਸ ਵਿਚ ਹੁੱਲੜਬਾਜ਼ੀ ਅਤੇ ਕੁੜੀਆਂ ਨਾਲ ਛੇੜਛਾੜ ਦਾ ਕਾਰਨ ਬਣਦੀਆਂ ਹੈ | ਕੈਂਪਸ ਵਿਚ ਨਸ਼ੇ ਕਾਰਨ ਹੋਈਆਂ ਦੁਰਘਟਨਾਵਾਂ ਦੀਆਂ ਵੀ ਕਿੰਨੀਆਂ ਹੀ ਮਿਸਾਲਾਂ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ | ਇਸ ਲਈ ਅੱਜ ਅਸੀਂ ਹਸਤਾਖਰਾਂ ਮੁਹਿੰਮ ਨਾਲ ਡੀ.ਐਸ.ਡਬਲਯੂ ਨੂੰ ਮੰਗ ਪੱਤਰ ਦਿੱਤਾ ਕਿ ਯੂਨੀਵਰਸਿਟੀ ਵਿਚ ਗੱਡੀਆਂ(ਚਾਰ ਪਹੀਆ) ਦੇ ਆਉਣ ਉੱਤੇ ਰੋਕ ਲਗਾਈ ਜਾਵੇ | ਲੋੜ ਪੈਣ ਤੇ ਅਲੱਗ ਅਲੱਗ ਗੇਟ ਜਾਂ ਸਾਊਥ ਕੈਂਪਸ ਵਿਖੇ ਲੋੜੀਂਦੀ ਪਾਰਕਿੰਗ ਬਣਾਈ ਜਾਵੇ | ਆਵਾਜਾਈ ਲਈ ਸ਼ਟਲ ਬੱਸ ਸਰਵਿਸ ਦੀ ਸੇਵਾ ਵਧਾਈ ਜਾਵੇ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਈ-ਰਿਕਸ਼ੇ ਦਾ ਪ੍ਰਬੰਧ ਕੀਤਾ ਜਾਵੇ | ਡੀ.ਐਸ.ਡਬਲਯੂ ਨੇ ਭਰੋਸਾ ਦਵਾਇਆ ਕਿ ਉਹ ਇਸ ਮਸਲੇ ਨੂੰ ਲੈਕੇ ਇਹ ਗਿਣਤੀ ਕਰ ਰਹੇ ਹਨ ਕਿ ਯੂਨੀਵਰਸਿਟੀ ਵਿਚ ਕਿੰਨੇ ਵਿਦਿਆਰਥੀਆਂ ਕੋਲ ਗੱਡੀਆਂ ਹਨ | ਇਸ ਤੋਂ ਬਾਅਦ ਉਹ ਇਸ ਮਸਲੇ ਤੇ ਕੁੱਝ ਕਰਨ ਨੂੰ ਤਿਆਰ ਹੋ ਸਕਦੇ ਹਨ |