16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਦੂਜਾ ਸਿਵਲ ਡਿਫੈਂਸ ਅਭਿਆਸ ਆਪ੍ਰੇਸ਼ਨ ਸ਼ੀਲਡ ਕਰਵਾਇਆ

ਅਜੀਤ ਡੈਸਕ 01-06-2025
ਚੰਡੀਗੜ੍ਹ, 31 ਮਈ (ਮਾਰਕੰਡਾ)-ਭਾਰਤ ਸਰਕਾਰ ਨੇ ਅੱਜ ਦੇਸ਼ ਦੀ ਪੱਛਮੀ ਸਰਹੱਦ ਨਾਲ ਲੱਗਦੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਾਰੇ ਜ਼ਿਲਿ੍ਹਆਂ 'ਚ ਦੂਜਾ ਸਿਵਲ ਡਿਫੈਂਸ ਅਭਿਆਸ 'ਓਪਰੇਸ਼ਨ ਸ਼ੀਲਡ' ਕਰਵਾਉਣ ਦਾ ਫ਼ੈਸਲਾ ਕੀਤਾ ਹੈ | ਇਸੇ ਅਭਿਆਸ ਦੇ ਹਿੱਸੇ ਵਜੋਂ, ਏਅਰ ਫੋਰਸ ਸਟੇਸ਼ਨ, ਚੰਡੀਗੜ੍ਹ 'ਤੇ ਦੁਸ਼ਮਣ ਡਰੋਨਾਂ ਦੇ ਝੁੰਡ ਦੁਆਰਾ ਹਮਲੇ ਦੀ ਸਥਿਤੀ ਦਾ ਨਕਲ ਕੀਤਾ ਗਿਆ | ਇਸ ਨਕਲੀ ਧਮਕੀ ਦੇ ਜਵਾਬ ਵਿਚ, ਸਟੇਸ਼ਨ ਕਮਾਂਡਰ ਨੇ ਸਟੇਸ਼ਨ ਦੇ ਅਹਾਤੇ ਤੋਂ ਪਰਿਵਾਰਾਂ ਨੂੰ ਸੁਰੱਖਿਅਤ ਸਥਾਨ 'ਤੇ ਕੱਢਣ ਲਈ ਸਿਵਲ ਪ੍ਰਸ਼ਾਸਨ ਤੋਂ ਤੁਰੰਤ ਸਹਾਇਤਾ ਦੀ ਮੰਗ ਕੀਤੀ | ਸਿਹਤ ਵਿਭਾਗ ਫਾਇਰ ਸਰਵਿਸਿਜ਼ ਤੇ ਸਿਵਲ ਡਿਫੈਂਸ ਯੂਨਿਟਾਂ ਨੂੰ ਤੁਰੰਤ ਸਰਗਰਮ ਕਰ ਦਿੱਤਾ ਗਿਆ | ਜ਼ਖ਼ਮੀਆਂ ਦਾ ਮੌਕੇ 'ਤੇ ਹੀ ਇਲਾਜ ਕੀਤਾ ਅਤੇ ਗੰਭੀਰ ਹਾਲਤ ਵਾਲੇ ਲੋਕਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ | ਬਾਕੀ ਲੋਕਾਂ ਨੂੰ ਸੈਕਟਰ 47 ਦੇ ਕਮਿਊਨਿਟੀ ਸੈਂਟਰ ਵਿਚ ਤਬਦੀਲ ਕਰ ਦਿੱਤਾ ਗਿਆ, ਜਿਥੇ ਵਿਆਪਕ ਡਾਕਟਰੀ ਜਾਂਚ ਤੇ ਇਲਾਜ ਪ੍ਰਦਾਨ ਕੀਤਾ ਗਿਆ | ਇਸ ਤੋਂ ਇਲਾਵਾ ਕਿਸ਼ਨਗੜ੍ਹ ਤੇ ਆਈ. ਟੀ. ਪਾਰਕ ਦੇ ਸਾਰੇ ਨਿਵਾਸੀਆਂ ਨੇ ਰਾਤ 8 ਵਜੇ ਤੋਂ ਰਾਤ 8.10 ਵਜੇ ਤੱਕ 10 ਮਿੰਟ ਦੀ ਤਾਲਮੇਲ ਵਾਲੀ ਬਲੈਕਆਊਟ ਡਰਿੱਲ ਵੀ ਦੇਖੀ, ਜਿਸ 'ਚ ਅਸਾਧਾਰਨ ਏਕਤਾ, ਅਨੁਸ਼ਾਸਨ ਤੇ ਭਾਈਚਾਰਕ ਭਾਵਨਾ ਦਾ ਪ੍ਰਦਰਸ਼ਨ ਕੀਤਾ ਗਿਆ | ਡਿਪਟੀ ਕਮਿਸ਼ਨਰ ਚੰਡੀਗੜ੍ਹ ਨਿਸ਼ਾਂਤ ਯਾਦਵ ਆਈ. ਏ. ਐਸ. ਨੇ ਕਿਹਾ ਕਿ ਬਲੈਕਆਊਟ ਡਰਿੱਲ ਦੌਰਾਨ ਨਿਵਾਸੀਆਂ ਦਾ ਹੁੰਗਾਰਾ ਸਮੂਹਿਕ ਸੁਰੱਖਿਆ ਤੇ ਸਿਵਲ ਡਿਫੈਂਸ ਤਿਆਰੀ ਪ੍ਰਤੀ ਸਾਡੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਉਨ੍ਹਾਂ ਨੇ ਨਿਵਾਸੀਆਂ, ਸਿਵਲ ਡਿਫੈਂਸ ਵਲੰਟੀਅਰਾਂ ਤੇ ਸਾਰੇ ਸਬੰਧਤ ਵਿਭਾਗਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਬਿਨਾਂ ਕਿਸੇ ਰੁਕਾਵਟ ਜਾਂ ਉਲਝਣ ਦੇ ਡਰਿੱਲ ਦੇ ਨਿਰਵਿਘਨ ਐਗਜ਼ੀਕਿਊਸ਼ਨ ਨੂੰ ਨੋਟ ਕੀਤਾ | ਇਸ ਅਭਿਆਸ ਦਾ ਉਦੇਸ਼ ਐਮਰਜੈਂਸੀ ਦੀ ਸਥਿਤੀ 'ਚ ਸਿਵਲ ਤੇ ਰੱਖਿਆ ਏਜੰਸੀਆਂ ਦੇ ਤਾਲਮੇਲ, ਤਿਆਰੀ ਅਤੇ ਪ੍ਰਤੀਕਿਰਿਆ ਸਮਰੱਥਾਵਾਂ ਦੀ ਜਾਂਚ ਕਰਨਾ ਅਤੇ ਵਧਾਉਣਾ ਸੀ |

ਪਿਛਲੀ ਖ਼ਬਰ ਏ. ਆਈ. ਐਮ. ਐਸ. ਮੁਹਾਲੀ ਵਿਖੇ 'ਵਿਸ਼ਵ ਤੰਬਾਕੂ ਰਹਿਤ ਦਿਵਸ' ਮਨਾਇਆ ਅਗਲੀ ਖ਼ਬਰ ਧਾਰਮਿਕ ਸਦਭਾਵਨਾ ਨੂੰ ਸਮਰਪਿਤ 'ਤਿਰੰਗਾ ਯਾਤਰਾ' ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।