ਲੁਧਿਆਣਾ, 4 ਦਸੰਬਰ (ਡਾ. ਤਰਲੋਚਨ ਸਿੰਘ)-ਕਰਮਚਾਰੀ ਰਾਜ ਬੀਮਾ ਨਿਗਮ, ਲੁਧਿਆਣਾ ਵਲੋਂ ਲੁਧਿਆਣਾ ਲੇਖਾਕਾਰ ਭਲਾਈ ਐਸੋਸੀਏਸ਼ਨ ਦੇ ਸਹਿਯੋਗ ਨਾਲ ਉਪ-ਖੇਤਰੀ ਦਫ਼ਤਰ ਵਿਖੇ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਪ੍ਰਣੇਸ਼ ਕੁਮਾਰ ਸਿਨਹਾ, ਸੰਯੁਕਤ ਨਿਰਦੇਸ਼ਕ (ਇੰਚਾਰਜ), ਈ. ਐਸ. ਆਈ. ਸੀ. ਲੁਧਿਆਣਾ ਨੇ ਸਾਰੇ ਭਾਗੀਦਾਰਾਂ ਦਾ ਸਵਾਗਤ ਕੀਤਾ | ਉਨ੍ਹਾਂ ਨੇ ਉਨ੍ਹਾਂ ਨੂੰ ਸਪਰੀ ਸਕੀਮ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਸਕੀਮ ਮਾਲਕਾਂ ਅਤੇ ਕਰਮਚਾਰੀਆਂ ਦੀ ਰਜਿਸਟ੍ਰੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਲਾਗੂ ਕੀਤੀ ਗਈ ਹੈ | ਇਸ ਸਕੀਮ ਦੇ ਤਹਿਤ ਆਪਣੇ ਅਦਾਰਿਆਂ ਨੂੰ ਰਜਿਸਟਰ ਕਰਨ ਵਾਲੇ ਮਾਲਕਾਂ ਨੂੰ ਉਨ੍ਹਾਂ ਦੁਆਰਾ ਘੋਸ਼ਿਤ ਮਿਤੀ ਜਾਂ ਰਜਿਸਟ੍ਰੇਸ਼ਨ ਦੀ ਮਿਤੀ ਤੋਂ ਕਵਰ ਕੀਤਾ ਗਿਆ ਮੰਨਿਆ ਜਾਵੇਗਾ | ਨਵੇਂ ਰਜਿਸਟਰਡ ਕਰਮਚਾਰੀਆਂ ਨੂੰ ਵੀ ਉਨ੍ਹਾਂ ਦੀ ਰਜਿਸਟ੍ਰੇਸ਼ਨ ਦੀ ਮਿਤੀ ਤੋਂ ਕਵਰ ਕੀਤਾ ਗਿਆ ਮੰਨਿਆ ਜਾਵੇਗਾ | ਸਕੀਮ ਦੀ ਮਿਆਦ 1 ਜੁਲਾਈ 2025 ਤੋਂ 31 ਦਸੰਬਰ 2025 ਦੌਰਾਨ ਲਈ ਗਈ ਕਵਰੇਜ 'ਤੇ ਕੋਈ ਪਿਛਲੀ ਬਕਾਇਆ ਜਾਂ ਦੰਡਕਾਰੀ ਕਾਰਵਾਈ ਲਾਗੂ ਨਹੀਂ ਹੋਵੇਗੀ | ਇਸ ਤੋਂ ਇਲਾਵਾ ਉਹ ਮਾਲਕ ਜੋ ਪਹਿਲਾਂ ਹੀ ਈ.ਐਸ.ਆਈ.ਸੀ. ਨਾਲ ਰਜਿਸਟਰਡ ਹਨ, ਪਰ ਕੁੱਝ ਕਵਰੇਬਲ ਕਰਮਚਾਰੀ ਹਨ, ਜੋ ਕਿਸੇ ਵੀ ਕਾਰਨ ਕਰਕੇ ਰਜਿਸਟ੍ਰੇਸ਼ਨ ਤੋਂ ਬਾਹਰ ਰਹਿ ਗਏ ਸਨ, ਉਹ ਵੀ ਇਸ ਸਕੀਮ ਦੇ ਤਹਿਤ ਅਜਿਹੇ ਕਰਮਚਾਰੀਆਂ ਨੂੰ ਰਜਿਸਟਰ ਕਰ ਸਕਦੇ ਹਨ | ਮੀਟਿੰਗ ਦੌਰਾਨ ਭਾਗੀਦਾਰਾਂ ਨੂੰ ਸਪਰੀ ਸਕੀਮ ਦੇ ਨਾਲ-ਨਾਲ 21 ਨਵੰਬਰ ਤੋਂ ਲਾਗੂ ਕੀਤੇ ਗਏ ਨਵੇਂ ਲੇਬਰ ਕੋਡਾਂ ਦੇ ਉਪਬੰਧਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਅਕਾਊਾਟੈਂਟ ਐਸੋਸੀਏਸ਼ਨ ਵਲੋਂ ਨਰੇਸ਼ ਚਲਗੋਤਰਾ, ਅਵਤਾਰ ਸਿੰਘ ਅਤੇ ਅਸ਼ੋਕ ਚੌਧਰੀ ਹਾਜ਼ਰ ਸਨ | ਇਸ ਮੌਕੇ ਨਰੇਸ਼ ਚਲਗੋਤਰਾ ਨੇ ਭਰੋਸਾ ਦਿੱਤਾ ਕਿ ਉਹ ਵੱਧ ਤੋਂ ਵੱਧ ਮਾਲਕਾਂ ਨੂੰ ਸੂਚਿਤ ਕਰਨਗੇ |