ਪੱਟੀ, 9 ਦਸੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)- ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਸਰਵਾਈਕਲ ਕੈਂਸਰ ਵਰਗੀ ਭਿਆਨਕ ਬਿਮਾਰੀ ਉੱਪਰ ਜਾਗਰੂਕਤਾ ਭਰਪੂਰ ਲੈਕਚਰ ਕਰਵਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਗਰੁੱਪ ਦੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ ਨੇ ਦੱਸਿਆ ਕਿ ਅੱਜ ਦੇ ਯੁੱਗ 'ਚ ਵਧ ਰਹੇ ਕੈਂਸਰ ਵਰਗੀ ਬਿਮਾਰੀ ਦੇ ਪ੍ਰਕੋਪ ਤੋਂ ਸਾਡੇ ਦੇਸ਼ ਦੀਆਂ ਸਰਕਾਰਾਂ ਅਤੇ ਆਮ ਲੋਕ ਵੀ ਬੁਰੀ ਤਰ੍ਹਾਂ ਚਿੰਤਤ ਹੋ ਰਹੇ ਹਨ | ਇਸ ਚਿੰਤਾ ਦੇ ਵਿਸ਼ੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਦੀ ਸਮੁੱਚੀ ਮੈਨੇਜਮੈਟ ਨੇ ਮੈਨੇਜਿੰਗ ਡਾਇਰੈਕਟਰ ਕਮ ਡਾ. ਮਰਿਦੁਲਾ ਭਾਰਦਵਾਜ ਦੀ ਯੋਗ ਅਗਵਾਈ ਹੇਠ ਸਕੂਲ ਵਿਚ ਜਮਾਤ 9ਵੀਂ ਤੋਂ 12ਵੀਂ ਤੱਕ ਪੜ੍ਹ ਰਹੇ ਵਿਦਿਆਰਥੀਆਂ ਖਾਸ ਕਰਕੇ ਲੜਕੀਆਂ ਨੂੰ ਸੁਚੇਤ ਅਤੇ ਜਾਣੂ ਕਰਵਾਉਣ ਹਿੱਤ ਇਕ ਔਰਤ ਰੋਗਾਂ ਦੇ ਮਾਹਿਰ ਅਤੇ ਪੱਟੀ ਦੀ ਪ੍ਰਸਿੱਧੀ ਪ੍ਰਾਪਤ ਡਾ. ਪ੍ਰੀਤੀ ਤ੍ਰੇਰਨ, ਤ੍ਰੇਰਨ ਨਰਸਿੰਗ ਹੋਮ ਪੱਟੀ ਨੇ ਇਸ ਕੈਂਸਰ ਵਰਗੀ ਭਿਆਨਕ ਬਿਮਾਰੀ ਬਾਰੇ, ਜੋ ਕਿ ਔਰਤ ਰੋਗਾਂ ਦੇ ਮਾਹਿਰ ਡਾਕਟਰ ਹਨ, ਨੇ ਹਿਊਮਨ ਪੈਪੀਲੋਮਾ ਵਾਇਰਸ ਬਾਰੇ ਵਿਸਥਾਰਪੂਰਵਕ ਦੱਸਿਆ | ਉਨ੍ਹਾਂ ਕਿਹਾ ਕਿ ਕਿਵੇ ਇਹ ਵਾਇਰਸ ਪ੍ਰਜਣਨ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਕੇ ਔਰਤਾਂ ਦੀ ਬੱਚੇਦਾਨੀ 'ਚ ਕੈਂਸਰ ਦਾ ਕਾਰਨ ਬਣਦਾ ਹੈ ਅਤੇ ਇਨਸਾਨ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਖਤਮ ਕਰ ਦਿੰਦਾ ਹੈ | ਉਨ੍ਹਾਂ ਇਸ ਵਾਇਰਸ ਤੇ ਇਸ ਦੇ ਪ੍ਰਭਾਵ ਬਾਰੇ ਦੱਸਦੇ ਹੋਏ ਇਹ ਵੀ ਦੱਸਿਆ ਅਤੇ ਸੁਚੇਤ ਕੀਤਾ ਕਿ ਕਿਸੇ ਨੂੰ ਵੀ ਕਿਸੇ ਦੂਸਰੇ ਨਾਲ ਅਸੁਰੱਖਿਅਤ ਯੌਨ ਸੰਬੰਧ ਨਹੀਂ ਬਣਾਉਣੇ ਚਾਹੀਦੇ ਅਤੇ ਨਸ਼ੇ ਦੀ ਲਤ ਤੋਂ ਬਚਣਾ ਚਾਹਿਦਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ 9 ਸਾਲ ਦੀ ਉਮਰ ਤੋਂ 45 ਸਾਲ ਤੱਕ ਦੀ ਉਮਰ ਤੱਕ ਵੈਕਸੀਨੇਸ਼ਨ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ | ਪਿ੍ੰਸੀਪਲ ਡਾ. ਮਰਿਦੁਲਾ ਭਾਰਦਵਾਜ, ਮੈਡਮ ਸ਼ੁਭੀ ਭਾਰਦਵਾਜ ਅਤੇ ਸਟਾਫ ਮੈਂਬਰਾ ਨੇ ਡਾ. ਪ੍ਰੀਤੀ ਤ੍ਰੇਰਨ ਨੂੰ ਯਾਦਗਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਚੇਅਰਮੈਨ ਡਾ. ਰਾਜ਼ੇਸ਼ ਭਾਰਦਵਾਜ ਅਤੇ ਡਾਇਰੈਕਟਰ ਸਤਿਅਮ ਭਾਰਦਵਾਜ ਨੇ ਡਾ. ਪ੍ਰੀਤੀ ਤ੍ਰੇਰਨ ਦਾ ਧੰਨਵਾਦ ਕੀਤਾ ਅਤੇ ਪਿ੍ੰਸੀਪਲ ਡਾ. ਮਰਿਦੁਲਾ ਭਾਰਦਵਾਜ ਦੇ ਅਜਿਹੇ ਯਤਨਾ ਦੀ ਸ਼ਲਾਘਾ ਵੀ ਕੀਤੀ |