ਤਰਨ ਤਾਰਨ, 9 ਦਸੰਬਰ (ਪਰਮਜੀਤ ਜੋਸ਼ੀ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੰਵਲਜੀਤ ਸਿੰਘ ਬਾਜਵਾ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਨੌਜਵਾਨ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ | ਇਸ ਮੌਕੇ ਜੱਜ ਕੰਵਲਜੀਤ ਸਿੰਘ ਬਾਜਵਾ ਵਲੋਂ ਮਾਝਾ ਪਬਲਿਕ ਸਕੂਲ ਤਰਨ ਤਾਰਨ ਤੋਂ ਨਸ਼ਿਆਂ ਵਿਰੁੱਧ ਇਕ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ | ਇਸ ਜਾਗਰੂਕਤਾ ਰੈਲੀ ਦੌਰਾਨ ਵਿਦਿਆਰਥੀਆਂ ਨੇ ਹੱਥਾਂ ਵਿਚ ਬੈਨਰ ਫੜ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਦਾ ਹੋਕਾ ਦਿੱਤਾ | ਇਸ ਰੈਲੀ ਵਿਚ ਵਿਦਿਆਰਥੀਆਂ ਦਾ ਉਤਸ਼ਾਹ ਦੇਖਣ ਵਾਲਾ ਸੀ ਅਤੇ ਆਮ ਲੋਕ ਵੀ ਵਿਦਿਆਰਥੀਆਂ ਦੁਆਰਾ ਦਿੱਤੇ ਜਾ ਰਹੇ ਸੁਨੇਹੇ ਨੂੰ ਧਿਆਨ ਨਾਲ ਗ੍ਰਹਿਣ ਕਰ ਰਹੇ ਸਨ | ਇਸ ਤੋਂ ਬਾਅਦ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਨਸ਼ਿਆਂ ਦੇ ਖਿਲਾਫ਼ ਲੋਕਾਂ ਨੂੰ ਚੌਕਸ ਕਰਨ ਲਈ ਨੁੱਕੜ ਨਾਟਕ ਦਾ ਆਯੋਜਨ ਕਰਵਾਇਆ ਗਿਆ | ਇਸ ਵਿਚ ਵਿਦਿਆਰਥੀਆਂ ਵਲੋਂ ਬੜੇ ਹੀ ਸੁਚੱਜੇ ਢੰਗ ਨਾਲ ਨੁੱਕੜ ਨਾਟਕ ਰਾਹੀਂ ਹਾਜ਼ਰੀਨ ਨੂੰ ਇਹ ਸਮਝਾਉਣ ਦਾ ਕਾਰਜ ਕੀਤਾ ਗਿਆ ਕਿ ਕਿਸ ਤਰ੍ਹਾਂ ਜੇਕਰ ਕੋਈ ਜਵਾਨੀ ਪਹਿਰੇ ਨਸ਼ਾ ਕਰਨ ਲੱਗ ਜਾਂਦਾ ਹੈ, ਤਾਂ ਉਸ ਨਾਲ ਪਰਿਵਾਰ ਤਾਂ ਹੀ ਉੱਜੜ ਜਾਂਦਾ ਹੀ ਹੈ, ਸਮਾਜ ਉੱਤੇ ਵੀ ਇਸਦਾ ਨਕਾਰਾਤਮਕ ਪ੍ਰਭਾਵ ਪੈਂਦਾ ਹੈ | ਜੱਜ ਕੰਵਲਜੀਤ ਸਿੰਘ ਬਾਜਵਾ ਨੇ ਵਿਦਿਆਰਥੀਆਂ ਵਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਉਪਰਾਲੇ ਨੂੰ ਸਹੀ ਦਿਸ਼ਾ ਦੇਣ ਤੇ ਸਰਾਹਿਆ ਅਤੇ ਸਟਾਫ, ਵਿਦਿਆਰਥੀਆਂ ਅਤੇ ਪਬਲਿਕ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਜਿਸ ਤਰਾਂ ਤੁਸੀਂ ਰੈਲੀ ਅਤੇ ਨੁੱਕੜ ਨਾਟਕ ਰਾਹੀਂ ਨਸ਼ਿਆਂ ਦੇ ਖਿਲਾਫ਼ ਸੁਨੇਹਾ ਦਿੱਤਾ ਹੈ, ਉਹ ਹੀ ਸੁਨੇਹਾ ਮੈਂ ਅੱਜ ਸਾਰੇ ਵਿਦਿਆਰਥੀਆਂ ਨੂੰ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਵੀ ਅੱਜ ਤੋਂ ਪ੍ਰਣ ਕਰ ਲੈਣਾ ਹੈ ਕਿ ਨਸ਼ਿਆਂ ਤੋਂ ਦੂਰ ਰਹੋਗੇ | ਇਸ ਮੌਕੇ ਮਿਸ ਸ਼ਿਲਪਾ ਚੀਫ਼ ਜੁਡੀਸ਼ੀਅਲ ਮੈਜੀਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,ਤਰਨ ਤਾਰਨ, ਲੀਗਲ ਏਡ ਡਿਫੈਂਸ ਕਾਉਂਸਲਜ਼, ਮਾਝਾ ਪਬਲਿਕ ਸਕੂਲ ਦੇ ਪ੍ਰਬੰਧਕ ਅਤੇ ਪਿ੍ੰਸੀਪਲ ਅਤੇ ਸਟਾਫ ਮੈਂਬਰ ਵੀ ਹਾਜ਼ਰ ਸਨ |