ਤਰਨ ਤਾਰਨ, 9 ਦਸੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਇਕ ਵਿਅਕਤੀ ਵਲੋਂ ਆਪਣੀ ਜ਼ਮੀਨ ਤੋਂ ਕਬਜ਼ਾ ਛੁਡਾਉਣ ਗਏ 'ਤੇ ਉਸ ਉਪਰ ਹਥਿਆਰਾਂ ਨਾਲ ਲੈਸ ਵਿਅਕਤੀਆਂ ਵਲੋਂ ਹਮਲਾ ਕਰਨ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ 'ਤੇ ਚਾਰ ਵਿਅਕਤੀਆਂ ਤੋਂ ਇਲਾਵਾ 30 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਝਬਾਲ ਵਿਖੇ ਗੁਰਦੇਵ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਠੱਠਗੜ ਨੇ ਸ਼ਿਕਾਇਤ ਦਰਜ ਕਰਵਾਈ ਕਿ ਕੁਝ ਵਿਅਕਤੀਆਂ ਨੇ ਉਸਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਕੇ ਭੱਠਾ ਬਣਾਇਆ ਹੈ, ਦੋਵਾਂ ਧਿਰਾਂ ਦਾ ਅਦਾਲਤ 'ਚ ਜ਼ਮੀਨ ਦਾ ਕੇਸ ਚਲਦਾ ਸੀ | ਅਦਾਲਤ ਵਲੋਂ ਕੇਸ ਉਸਦੇ ਹੱਕ 'ਚ ਹੋਇਆ ਹੈ | ਜਦੋਂ ਉਹ 6 ਦਸੰੰਬਰ ਨੂੰ ਆਪਣੀ ਜ਼ਮੀਨ ਤੋਂ ਕਬਜ਼ਾ ਛੁਡਾਉਣ ਲਈ ਕਿਸਾਨ ਯੂਨੀਅਨ ਨਾਲ ਮਿਲ ਕੇ ਸ਼ਾਤਮਈ ਧਰਨਾ ਦਿੱਤਾ ਜਾ ਰਿਹਾ ਸੀ ਤਾਂ ਹਰਮਿੰਦਰ ਸਿੰਘ ਪੁੱਤਰ ਨਰਿੰਦਰ ਸਿੰਘ, ਹਰਪ੍ਰਵੇਸ਼ ਸਿੰਘ ਪੁੱਤਰ ਹਰਮਿੰਦਰ ਸਿੰਘ, ਸੁਖਵਿੰਦਰ ਸਿੰਘ, ਸੁਖਵਿੰਦਰ ਸਿੰਘ ਦਾ ਲੜਕਾ ਵਾਸੀਅਨ 12 ਮਾਲ ਐਵੀਨਿਊ ਅੰਮਿ੍ਤਸਰ ਤੋਂ ਇਲਾਵਾ 30 ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਹਮਲਾ ਕੀਤਾ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣ ਹੋਣ ਕਾਰਨ ਚੋਣ ਜਾਬਤਾ ਲੱਗਾ ਹੋਣ ਕਰਕੇ ਹਥਿਆਰ ਲੈ ਕੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ | ਜਾਂਚ ਅਧਿਕਾਰੀ ਏ.ਐੱਸ.ਆਈ. ਜਤਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾ ਤਹਿਤ ਮਾਮਲਾ ਦਰਜ ਕਰ ਲਿਆ ਹੈ |