ਖਾਲੜਾ, 4 ਦਸੰਬਰ (ਜੱਜਪਾਲ ਸਿੰਘ ਜੱਜ)-ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਵੀਰ੍ਹਮ ਵਿਖੇ ਹੋਈ ਨੌਜਵਾਨ ਲੜਕੇ ਦੀ ਮੌਤ ਦੇ ਦੋਸ਼ ਘਰ ਵਾਲਿਆਂ ਵਲੋਂ ਸਹੁਰੇ ਪਰਿਵਾਰ 'ਤੇ ਲਗਾਏ ਗਏ ਹਨ, ਜਦੋਂਕਿ ਥਾਣਾ ਖਾਲੜਾ ਦੀ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ 174 ਦੀ ਕਾਰਵਾਈ ਕਰਦਿਆਂ ਮੁਲਾਹਜੇ ਲਈ ਪੱਟੀ ਹਸਪਤਾਲ ਭੇਜ ਦਿੱਤਾ ਗਿਆ ਹੈ | ਲੜਕੇ ਦੇ ਪਿਤਾ ਸਾਹਿਬ ਸਿੰਘ ਅਤੇ ਚਾਚਾ ਗੁਰਸ਼ਿੰਦਰ ਸਿੰਘ ਪੁੱਤਰਾਨ ਬਲਕਾਰ ਸਿੰਘ ਵਾਸੀ ਪਿੰਡ ਵੀਰ੍ਹਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਲੜਕੇ ਗੁਰਿੰਦਰਜੀਤ ਸਿੰਘ ਦਾ ਵਿਆਹ 2016 ਵਿਚ ਹਰਮਨਪ੍ਰੀਤ ਕੌਰ ਪੁੱਤਰੀ ਸੁਰਜੀਤ ਸਿੰਘ ਵਾਸੀ ਗੁਰੂ ਕੀ ਵਡਾਲੀ ਅੰਮਿ੍ਤਸਰ ਨਾਲ ਹੋਇਆ ਸੀ ਅਤੇ ਇਸ ਦੇ ਘਰ ਦੋ ਬੱਚੇ ਹਨ, ਜਿਨਾਂ ਵਿਚੋਂ ਵੱਡੀ ਲੜਕੀ ਉਮਰ ਸੱਤ ਸਾਲ ਅਤੇ ਛੋਟਾ ਲੜਕਾ ਉਮਰ ਕਰੀਬ ਚਾਰ ਸਾਲ ਹੈ | ਉਨ੍ਹਾਂ ਦੱਸਿਆ ਕਿ 28 ਅਕਤੂਬਰ 2025 ਨੂੰ ਗੁਰਿੰਦਰਜੀਤ ਸਿੰਘ ਅਤੇ ਉਸ ਦੀ ਪਤਨੀ ਹਰਮਨਪ੍ਰੀਤ ਕੌਰ ਵਿਚ ਮਾਮੂਲੀ ਤੂੰ ਤੂੰ ਮੈਂ ਮੈਂ ਹੋਈ ਸੀ, ਜਿਸ ਵਿਚ ਉਸ ਦੀ ਪਤਨੀ ਨੇ ਤੈਸ਼ ਵਿਚ ਆ ਕੇ ਆਪਣੇ ਪਿਓ ਸੁਰਜੀਤ ਸਿੰਘ, ਭਰਾ ਆਕਾਸ਼ਦੀਪ ਸਿੰਘ ਨੂੰ ਫੋਨ ਕਰ ਦਿੱਤਾ, ਜਿਸ 'ਤੇ ਉਹ 29 ਅਕਤੂਬਰ 2025 ਨੂੰ ਰਾਤ ਇਕ ਵਜੇ ਗੱਡੀ ਨੰਬਰ ਪੀ.ਬੀ. 10 ਐਚ.ਐਫ. 3926 'ਤੇ ਆਏ, ਜਿਸ ਵਿਚ ਉਸ ਦਾ ਪਿਤਾ ਸੁਰਜੀਤ ਸਿੰਘ, ਉਸ ਦਾ ਭਰਾ ਆਕਾਸ਼ਦੀਪ ਸਿੰਘ, ਤਰਨਜੀਤ ਸਿੰਘ ਪੁੱਤਰ ਬਿੱਟੂ ਵਾਸੀ ਮੂਧਲ, ਸਰਦਾਰਾ ਸਿੰਘ ਵਾਸੀ ਸੋਹਲ ਅਤੇ ਦੋ ਅਣਪਛਾਤੇ ਵਿਅਕਤੀ ਆਏ, ਜੋ ਸਾਰੇ ਹੀ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ | ਜਿਨਾਂ ਨੇ ਆਉਂਦਿਆਂ ਹੀ ਗੁਰਿੰਦਰਜੀਤ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਗੁਰਿੰਦਰਜੀਤ ਸਿੰਘ ਨੂੰ ਗੰਭੀਰ ਜ਼ਖ਼ਮੀ ਕਰਕੇ ਵਾਪਸ ਦੌੜ ਗਏ | ਉਨ੍ਹਾਂ ਦੱਸਿਆ ਕਿ ਅਸੀਂ ਆਪਣੇ ਲੜਕੇ ਨੂੰ ਸਰਕਾਰੀ ਹਸਪਤਾਲ ਖੇਮਕਰਨ ਵਿਖੇ ਦਾਖਲ ਕਰਵਾਇਆ ਸੀ ਅਤੇ ਜਿਥੋਂ ਉਹ ਕੁਝ ਠੀਕ ਹੋਣ ਉਪਰੰਤ ਚਾਰ ਨਵੰਬਰ ਨੂੰ ਘਰ ਆ ਗਿਆ ਸੀ, ਪ੍ਰੰਤੂ ਉਸ ਦੀਆਂ ਸੱਟਾਂ ਗੰਭੀਰ ਹੋਣ ਕਾਰਨ ਉਸ ਨੂੰ ਫਿਰ ਇਨਫੈਕਸ਼ਨ ਹੋ ਗਈ ਅਤੇ ਜਿਸ ਨੂੰ ਅਸੀਂ ਡੀ.ਐਮ.ਸੀ. ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਅਤੇ ਜਿਸ ਦੀ ਚਾਰ ਦਸੰਬਰ ਨੂੰ ਮੌਤ ਹੋ ਗਈ | ਇਸ ਸੰਬੰਧੀ ਤਫਤੀਸ਼ੀ ਅਫਸਰ ਥਾਣਾ ਖਾਲੜਾ ਏ.ਐਸ.ਆਈ. ਗੁਰਨਾਮ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਕੁੱਟਮਾਰ ਹੋਣ ਸੰਬੰਧੀ ਥਾਣਾ ਖਾਲੜਾ ਵਲੋਂ ਮੁਕੱਦਮਾ ਦਰਜ ਕਰਕੇ 174 ਦੀ ਕਾਰਵਾਈ ਅਮਲੇ ਵਿਚ ਲਿਆਉਂਦਿਆਂ ਲਾਸ਼ ਮੁਲਾਹਜੇ ਲਈ ਪੱਟੀ ਹਸਪਤਾਲ ਵਿਖੇ ਭੇਜ ਦਿੱਤੀ ਗਈ ਹੈ ਅਤੇ ਜੋ ਵੀ ਗੁਰਿੰਦਰਜੀਤ ਸਿੰਘ ਦੀ ਮੌਤ ਦੇ ਕਾਰਨ ਸਾਹਮਣੇ ਆਉਣਗੇ, ਉਸ ਅਨੁਸਾਰ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |