ਤਰਨ ਤਾਰਨ, 21 ਅਕਤੂਬਰ (ਇਕਬਾਲ ਸਿੰਘ ਸੋਢੀ)- ਆਮ ਆਦਮੀ ਕਲੀਨਿਕ ਸਾਂਝਾ ਫਰੰਟ ਦੇ ਸਟਾਫ ਫਾਰਮੇਸੀ ਅਫਸਰ ਅਤੇ ਕਲੀਨਿਕਲ ਐਸਿਟੈਂਟ ਦੇ ਆਗੂਆਂ ਦੱਸਿਆ ਕਿ ਅਸੀਂ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਆਮ ਆਦਮੀ ਕਲੀਨਿਕਾਂ ਵਿਚ ਸੇਵਾਵਾਂ ਨਿਭਾਅ ਰਹੇ ਹਾਂ ਪਰ ਪੰਜਾਬ ਸਰਕਾਰ ਅਤੇ ਆਮ ਆਦਮੀ ਕਲੀਨਿਕਾਂ ਦੇ ਨਾਂਅ 'ਤੇ ਐਵਾਰਡ ਲੈ ਰਹੀ ਹੈ ਪਰ ਪੰਜਾਬ ਸਰਕਾਰ ਆਮ ਆਦਮੀ ਕਲੀਨਿਕਾਂ ਵਿਚ ਕੰਮ ਕਰਦੇ ਫਾਰਮੇਸੀ ਅਫਸਰਾਂ ਅਤੇ ਕਲੀਨਿਕਲ ਐਸਿਸਟੈਂਟ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਹੈ | ਯੂਨੀਅਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਸਰਕਾਰ ਆਮ ਆਦਮੀ ਕਲੀਨਿਕਾਂ ਵਿਚ ਕੰਮ ਕਰਦੇ ਸਟਾਫ ਦਾ ਸਰਕਾਰ ਸ਼ੋਸ਼ਣ ਕਰ ਰਹੀ ਹੈ ਅਤੇ ਪੜ੍ਹੇ ਲਿਖੇ ਸਟਾਫ ਨੂੰ ਪੰਜਾਬ ਸਰਕਾਰ ਨੇ ਆਪਣੀਆਂ ਮਾੜੀਆਂ ਨੀਤੀਆਂ ਨਾਲ ਦਿਹਾੜੀਦਾਰ ਬਣਾ ਕੇ ਰੱਖ ਦਿੱਤਾ ਹੈ | ਜੇਕਰ ਪੰਜਾਬ ਸਰਕਾਰ ਆਪਣੇ ਪਾਈਲਟ ਪ੍ਰਾਜੈਕਟ ਦੇ ਸਟਾਫ ਨੂੰ ਦਿਹਾੜੀਦਾਰ ਬਣਾ ਕੇ ਰੱਖਦੀ ਹੈ ਤਾਂ ਬਾਕੀ ਵਿਭਾਗਾਂ ਨਾਲ ਕਿ ਕਰੇਗੀ | ਪੰਜਾਬ ਸਰਕਾਰ ਦੇ ਕਈ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਹੋਈਆਂ ਪਰ ਕੋਈ ਸਿੱਟਾਂ ਨਹੀਂ ਨਿਕਲਿਆ | ਮੁੱਖ ਮੰਤਰੀ ਭਗਵੰਤ ਮਾਨ ਨਾਲ ਤਿੰਨ ਵਾਰ ਮੀਟਿੰਗ ਲਈ ਸਮਾਂ ਮਿਲਿਆ ਪਰ ਮੁੱਖ ਮੰਤਰੀ ਹਰ ਵਾਰ ਮੀਟਿੰਗ ਕਰਨ ਤੋਂ ਭੱਜੇ ਹਨ | ਪਿਛਲੇ ਦਿਨੀਂ ਤਰਨ ਤਾਰਨ ਦੀਆਂ ਜ਼ਿਮਨੀ ਚੋਣਾਂ ਵਿਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਮੰਗ ਪੱਤਰ ਦਿੱਤਾ ਪਰ ਅਜੇ ਤੱਕ ਕੋਈ ਵੀ ਮੀਟਿੰਗ ਦਾਂ ਸਮਾਂ ਸਾਨੂੰ ਸਿਹਤ ਸੈਕੇਟਰੀ ਅਤੇ ਮੁੱਖ ਮੰਤਰੀ ਸਾਹਿਬ ਵਲੋਂ ਨਹੀਂ ਦਿੱਤਾ, ਜਿਸਦੇ ਰੋਸ ਵਜੋਂ ਆਮ ਆਦਮੀ ਕਲੀਨਿਕ ਸਾਂਝਾ ਫਰੰਟ ਵਲੋਂ 26 ਅਕਤੂਬਰ ਦਿਨ ਐਤਵਾਰ ਨੂੰ ਤਰਨ ਤਾਰਨ ਦੀਆਂ ਜ਼ਿਮਨੀ ਚੋਣਾਂ ਵਿਚ ਪੰਜਾਬ ਸਰਕਾਰ ਦੀ ਪੋਲ ਖੋਲ ਰੈਲੀ ਕੱਢੀ ਜਾਵੇਗੀ ਅਤੇ ਪੰਜਾਬ ਸਰਕਾਰ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਲਿਆਂਦਾ ਜਾਵੇਗਾ | ਇਸ ਮੌਕੇ ਫਾਰਮੇਸੀ ਮਾਸਟਰ ਯੂਨੀਅਨ ਦੇ ਪ੍ਰਧਾਨ ਪ੍ਰਮਜੀਤ ਸਿੰਘ, ਮੀਤ ਪ੍ਰਧਾਨ ਨਵਦੀਪ ਸਿੰਘ, ਚੇਅਰਮੈਨ ਪ੍ਰਦੀਪ ਗੁਪਤਾ, ਪ੍ਰੈੱਸ ਸਕੱਤਰ ਬਿਕਰਮਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਤਰਨ ਤਾਰਨ ਜੋਬਨਪ੍ਰੀਤ ਸਿੰਘ, ਕਲੀਨਿਕਲ ਅਸਿਸਟੈਂਟ ਯੂਨੀਅਨ ਪ੍ਰਧਾਨ ਜਸਬੀਰ ਕੌਰ, ਮੀਤ ਪ੍ਰਧਾਨ ਗੁਰਪ੍ਰੀਤ ਕੌਰ, ਜ਼ਿਲ੍ਹਾ ਤਰਨ ਤਾਰਨ ਪ੍ਰਧਾਨ ਰਾਜਬੀਰ ਕੌਰ ਆਦਿ ਮੌਜੂਦ ਸਨ |