ਤਰਨ ਤਾਰਨ, 21 ਅਕਤੂਬਰ (ਹਰਿੰਦਰ ਸਿੰਘ)-ਅਕਾਲੀ ਦਲ ਵਾਰਸ ਪੰਜਾਬ ਦੇ ਵਲੋਂ ਤਰਨ ਤਾਰਨ ਜ਼ਿਮਨੀ ਚੋਣ ਲਈ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਮਨਦੀਪ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ, ਜਿਨ੍ਹਾਂ ਨੂੰ ਜਿਥੇ ਪੰਥਕ ਧਿਰਾਂ ਵਲੋਂ ਵੱਡਾ ਸਹਿਯੋਗ ਮਿਲ ਰਿਹਾ ਹੈ, ਉਥੇ ਤਰਨ ਤਾਰਨ ਹਲਕੇ ਦੇ ਲੋਕਾਂ ਵਲੋਂ ਵੀ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ ਅਤੇ ਤਰਨ ਤਾਰਨ ਦੀ ਜ਼ਿਮਨੀ ਚੋਣ ਵਿਚ ਭਾਈ ਮਨਦੀਪ ਸਿੰਘ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ, ਜਿਸ ਤਰ੍ਹਾਂ ਭਾਈ ਅੰਮਿ੍ਤਪਾਲ ਸਿੰਘ ਨੇ ਲੋਕ ਸਭਾ ਚੋਣਾਂ ਦੌਰਾਨ ਕੀਤੀ ਸੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਸ ਪੰਜਾਬ ਦੇ ਅਤੇ ਭਾਈ ਅੰਮਿ੍ਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਸੇਧ ਦੇਣ ਲਈ ਖਾਲਸਾ ਵਹੀਰ ਚਲਾਈ ਸੀ, ਜੋ ਕਿ ਪੰਜਾਬ ਸਰਕਾਰ ਨੂੰ ਰਾਸ ਨਹੀਂ ਆਈ ਅਤੇ ਸਰਕਾਰ ਵਲੋਂ ਭਾਈ ਅੰਮਿ੍ਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਉਪਰ ਐੱਨ.ਐੱਸ.ਏ. ਲਗਾ ਕੇ ਅਸਾਮ ਦੀ ਜੇਲ੍ਹ ਵਿਚ ਬੰਦ ਕਰ ਦਿੱਤਾ ਹੈ, ਜਿਨ੍ਹਾਂ ਨੂੰ ਲੋਕਾਂ ਵਲੋਂ ਵੱਡੀ ਲੀਡ ਨਾਲ ਜੇਲ੍ਹ ਵਿਚੋਂ ਹੀ ਜਿਤਾਇਆ ਗਿਆ ਸੀ | ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦਾ ਜਵਾਬ ਲੋਕਾਂ ਵਲੋਂ ਅਕਾਲੀ ਦਲ ਵਾਰਸ ਪੰਜਾਬ ਦੇ ਭਾਈ ਮਨਦੀਪ ਸਿੰਘ ਜੋ ਕਿ ਚੋਣ ਮੈਦਾਨ ਵਿਚ ਹਨ, ਨੂੰ ਲੋਕ ਵੱਡੀ ਲੀਡ ਨਾਲ ਜਿਤਾ ਕੇ ਦੇਣਗੇ | ਉਨ੍ਹਾਂ ਤਰਨ ਤਾਰਨ ਹਲਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭਾਈ ਮਨਦੀਪ ਸਿੰਘ ਦੇ ਹੱਕ ਵਿਚ ਵੋਟਾਂ ਪਾ ਕੇ ਉਨ੍ਹਾਂ ਨੂੰ ਇਸ ਹਲਕੇ ਤੋਂ ਜੇਤੂ ਬਣਾਉਣ |