25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਪੁਲਿਸ ਹਿਰਾਸਤ ਹੋਈ ਮੌਤ ਦਾ ਮਾਮਲਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਪਹੁੰਚਿਆ

ਅਜੀਤ ਡੈਸਕ 10-12-2025
ਮਾਨਾਂਵਾਲਾ, 9 ਦਸੰਬਰ (ਗੁਰਦੀਪ ਸਿੰਘ ਨਾਗੀ)-ਥਾਣਾ ਜੰਡਿਆਲਾ ਗੁਰੂ ਵਿਖੇ ਪੁਲਿਸ ਹਿਰਾਸਤ 'ਚ ਪਿੰਡ ਕਿਲ੍ਹਾ ਜੀਵਨ ਸਿੰਘ ਦੇ ਦਲਿਤ ਨੌਜਵਾਨ ਦੀ ਹੋਈ ਸ਼ੱਕੀ ਮੌਤ ਦਾ ਮਾਮਲਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਧਿਆਨ ਵਿਚ ਆਉਣ ਮਗਰੋਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਵਲੋਂ ਭੇਜੇ ਗਏ ਮੈਂਬਰ ਰੋਹਿਤ ਖੋਖਰ ਪਿੰਡ ਕਿਲ੍ਹਾ ਜੀਵਨ ਸਿੰਘ ਵਿਖੇ ਪਹੁੰਚੇ ਅਤੇ ਮਿ੍ਤਕ ਹਰਮਨਪ੍ਰੀਤ ਸਿੰਘ (23 ਸਾਲ) ਪੁੱਤਰ ਲਾਭ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ | ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਮਗਰੋਂ ਮੈਂਬਰ ਰੋਹਿਤ ਖੋਖਰ ਨੇ ਆਖਿਆ ਕਿ ਉਨ੍ਹਾਂ ਪੀੜਤ ਪਰਿਵਾਰ ਅਤੇ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਹੈ ਅਤੇ ਇਸ ਮਾਮਲੇ ਵਿਚ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ | ਪਰਿਵਾਰ ਨਾਲ ਗੱਲਬਾਤ ਕਰਨ ਮਗਰੋਂ ਨੂੰ ਮੈਂਬਰ ਰੋਹਿਤ ਖੋਖਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਪਰਿਵਾਰ, ਪੁਲਿਸ ਅਤੇ ਗਵਾਹਾਂ ਨਾਲ ਗੱਲਬਾਤ ਕਰਕੇ ਸਾਰੇ ਤੱਥ ਇਕੱਤਰ ਕਰਕੇ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਦੇ ਧਿਆਨ ਵਿਚ ਲਿਆਂਦੇ ਜਾਣਗੇ ਅਤੇ ਇਸ ਵਿਚ ਜੋ ਕੋਈ ਵੀ ਦੋਸ਼ੀ ਪਾਇਆ ਜਾਵੇਗਾ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਮਾਮਲਾ ਅਦਾਲਤ 'ਚ ਆਉਣ ਕਰਕੇ ਪਰਿਵਾਰ ਨੂੰ ਮਿ੍ਤਕ ਨੌਜਵਾਨ ਦਾ ਅੰਤਿਮ ਸੰਸਕਾਰ ਕਰ ਦੇਣ ਦੀ ਅਪੀਲ ਕੀਤੀ | ਇਸ ਤੋਂ ਪਹਿਲਾਂ ਮਿ੍ਤਕ ਹਰਮਨਪ੍ਰੀਤ ਸਿੰਘ ਦੀ ਮਾਤਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੇ ਉਨ੍ਹਾਂ ਦੇ ਲੜਕੇ 'ਤੇ ਤਸ਼ੱਦਦ ਕੀਤਾ ਸੀ, ਜਿਸ ਕਰਕੇ ਉਸ ਦੀ ਮੌਤ ਹੋ ਗਈ | ਉਸ ਨੇ ਕਿਹਾ ਕਿ ਉਹ ਪਰਿਵਾਰ ਸਮੇਤ 6 ਦਸੰਬਰ ਦੀ ਰਾਤ ਹਰਮਨਪ੍ਰੀਤ ਸਿੰਘ ਨੂੰ ਰੋਟੀ ਦੇ ਕੇ ਆਏ ਤਾਂ ਉਸ ਸਮੇਂ ਉਹ ਬਿਲਕੁਲ ਠੀਕ-ਠਾਕ ਸੀ ਅਤੇ ਜੇਕਰ ਰਾਤ ਮੇਰਾ ਲੜਕਾ ਬਿਮਾਰ ਹੋਇਆ ਸੀ ਤਾਂ ਪੁਲਿਸ ਤੁਰੰਤ ਸਾਨੂੰ ਜਾਣਕਾਰੀ ਦਿੰਦੀ ਜਾਂ ਜਦੋਂ ਹਸਪਤਾਲ ਦਾਖਲ ਕਰਵਾਇਆ, ਉਦੋਂ ਹੀ ਦੱਸ ਦਿੰਦੀ ਪਰ ਨੇ ਪੁਲਿਸ ਨੇ ਸਾਨੂੰ ਕੁਝ ਨਹੀਂ ਦੱਸਿਆ | ਕੁਲਵਿੰਦਰ ਕੌਰ ਨੇ ਦੱਸਿਆ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਹਰਮਨਪ੍ਰੀਤ ਦੀ ਮੌਤ ਹੋ ਗਈ ਹੈ ਤਾਂ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ | ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਾਨੂੰ ਇਨਸਾਫ਼ ਨਹੀਂ ਮਿਲਦਾ ਉਨ੍ਹਾਂ ਸਮਾਂ ਤੱਕ ਮਿ੍ਤਕ ਦਾ ਸਸਕਾਰ ਨਹੀਂ ਕੀਤਾ ਜਾਵੇਗਾ | ਕਮਿਸ਼ਨ ਵਲੋਂ ਦੁਆਏ ਭਰੋਸੇ ਤੋਂ ਮਿ੍ਤਕ ਦੀ ਮਾਤਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਪਰਿਵਾਰ ਤੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਭਲਕੇ ਹਰਮਨਪ੍ਰੀਤ ਸਿੰਘ ਸਸਕਾਰ ਕੀਤਾ ਜਾਵੇਗਾ | ਇਸ ਮੌਕੇ ਜੰਡਿਆਲਾ ਗੁਰੂ ਦੇ ਡੀ. ਐੱਸ. ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਅਦਾਲਤ ਦੇ ਧਿਆਨ 'ਚ ਹੈ ਅਤੇ ਜੇ. ਐੱਮ. ਆਈ. ਸੀ. ਕਮਲਦੀਪ ਕੌਰ ਵਲੋਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਗਈ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਜੋ ਕੋਈ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਸਤਨਾਮ ਸਿੰਘ ਗਿੱਲ ਨਿੱਜੀ ਸਕੱਤਰ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ, ਡੀ. ਐੱਸ. ਪੀ. ਇੰਦਰਜੀਤ ਸਿੰਘ, ਡੀ. ਐੱਸ. ਪੀ. ਗੁਰਿੰਦਰ ਸਿੰਘ ਨਾਗਰਾ ਵੀ ਮੌਜੂਦ ਸਨ |
ਪਿਛਲੀ ਖ਼ਬਰ ਪੁਲਿਸ ਹਿਰਾਸਤ ਹੋਈ ਮੌਤ ਦਾ ਮਾਮਲਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਪਹੁੰਚਿਆ ਅਗਲੀ ਖ਼ਬਰ ਗਣੇਸ਼ ਦਾਸ ਚੱਢਾ ਰੋਟਰੀ ਸੈਂਟਰ 'ਚ ਮੈਗਾ ਮੁਫਤ ਏਅਰ-ਕੇਅਰ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।