ਅੰਮਿ੍ਤਸਰ, 9 ਦਸੰਬਰ (ਰੇਸ਼ਮ ਸਿੰਘ)-ਕਾਂਗਰਸ 'ਚ 500 ਕਰੋੜ ਰੁਪਏ ਰਿਸ਼ਵਤ ਲੈ ਕੇ ਮੁੱਖ ਮੰਤਰੀ ਬਣਾਏ ਜਾਣ ਦੇ ਦੋਸ਼ਾਂ ਉਪਰੰਤ ਕਾਂਗਰਸ 'ਚੋਂ ਮੁੱਅਤਲ ਕੀਤੀ ਗਈ ਹਲਕਾ ਪੂਰਬੀ ਦੀ ਸਾਬਕਾ ਵਿਧਾਇਕਾ ਡਾ: ਨਵਜੋਤ ਕੌਰ ਸਿੱਧੂ ਖਿਲਾਫ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਸਾਬਕਾ ਕੌਂਸਲਰ ਸੌਰਵ ਮਦਾਨ ਮਿਠੂ ਨੇ ਦੋਸ਼ ਲਾਇਆ ਕਿ ਮੈਡਮ ਸਿੱਧੂ ਖੁਦ ਵੀ ਟਿਕਟਾਂ ਬਦਲੇ ਪੈਸੇ ਲੈਂਦੇ ਰਹੇ ਹਨ | ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਮਿੱਠੂ ਮਦਾਨ ਨੇ ਕਿਹਾ ਕਿ 2017 ਦੀਆਂ ਨਿਗਮ ਚੋਣਾਂ ਵੇਲੇ ਕੌਂਸਲਰ ਦੇ ਕਈ ਉਮੀਦਵਾਰਾਂ ਨੂੰ ਲੱਖਾਂ ਰੁਪਏ ਵਸੂਲ ਕਰਕੇ ਨਵਜੋਤ ਕੌਰ ਸਿੱਧੂ ਵਲੋਂ ਟਿਕਟਾਂ ਦਿੱਤੀਆਂ ਸਨ | ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ ਮੈਡਮ ਸਿੱਧੂ ਵਲੋਂ ਬਿਆਨਬਾਜ਼ੀ ਕਰਨ ਤੋਂ ਔਖੇ ਹੋਏ ਮਦਾਨ ਨੇ ਕਿਹਾ ਕਿ ਮੈਡਮ ਉਨ੍ਹਾਂ ਦਾ ਮੂੰਹ ਨਾ ਖੁਲਵਾਉਣ ਨਹੀਂ ਤਾਂ ਸਾਰੇ ਸਬੂਤ ਉਹ ਨਸ਼ਰ ਕਰਨਗੇ | ਦੱਸਣਯੋਗ ਹੈ ਕਿ ਕਿਸੇ ਵੇਲੇ ਮਿਠੂ ਮਦਾਨ ਸਿੱਧੂ ਜੋੜੇ ਦੇ ਚਹੇਤੇ ਰਹੇ ਹਨ | ਅੱਜ ਉਨ੍ਹਾਂ ਕਿਹਾ ਕਿ ਅਸਲ 'ਚ ਸਿੱੱਧੂ ਜੋੜਾ ਪਾਰਟੀ ਛੱਡਣ ਦਾ ਮਨ ਬਣਾ ਰਿਹਾ ਹੈ ਅਤੇ ਭਾਜਪਾ 'ਚ ਜਾਣਾ ਚਾਹੁੰਦਾ ਹੈ ਇਸੇ ਲਈ ਉਹ ਕਾਂਗਰਸ ਖਿਲਾਫ ਬਿਆਨਬਾਜ਼ੀ ਕਰ ਰਿਹਾ ਹੈ |