ਅੰਮਿ੍ਤਸਰ, 4 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸੰਯੁਕਤ ਕਿਸਾਨ ਮੋਰਚਾ, ਪਾਵਰਕਾਮ ਦੀਆਂ ਜਥੇਬੰਦੀਆਂ ਅਤੇ ਮਜ਼ਦੂਰ ਜਥੇਬੰਦੀਆਂ ਵਲੋਂ 8 ਦਸੰਬਰ ਨੂੰ ਪਾਵਰਕਾਮ ਦੀਆਂ ਸਬ-ਡਿਵੀਜ਼ਨ ਦਫਤਰਾਂ ਅੱਗੇ 12 ਤੋਂ ਤਿੰਨ ਵਜੇ ਤੱਕ ਧਰਨੇ ਦੇ ਕੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਵਰਕਾਮ ਜਥੇਬੰਦੀਆਂ ਦੇ ਆਗੂ ਗੁਰਵੇਲ ਸਿੰਘ ਬੱਲਪੁਰੀਆ ਨੇ ਕਿਹਾ ਕਿ ਬਿਜਲੀ ਸੋਧ ਬਿੱਲ 2025 ਸਮੂਹ ਲੋਕਾਂ ਲਈ ਬਹੁਤ ਹੀ ਖਤਰਨਾਕ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣੀ ਬਹੁਸੰਮਤੀ ਦਾ ਨਜਾਇਜ਼ ਫਾਇਦਾ ਉਠਾਉਂਦਿਆਂ ਲੋਕ ਵਿਰੋਧੀ ਨੀਤੀਆਂ 'ਤੇ ਚੱਲ ਰਹੀ ਹੈ ਅਤੇ ਸਾਰੇ ਹੀ ਕਾਰਜ ਲੋਕਾਂ ਦੇ ਵਿਰੋਧ 'ਚ ਕਰ ਰਹੀ ਹੈ | ਇਹ ਸਾਰੇ ਕਾਰਜ ਕਾਰਪੋਰੇਟ ਸੈਕਟਰ ਪੱਖੀ ਹਨ ਹੁਣ ਉਨ੍ਹਾਂ ਨੇ ਬਿਜਲੀ ਸੋਧ ਬਿਲ ਰਾਹੀਂ ਬਿਜਲੀ ਦੀ ਵੰਡ ਦਾ ਮੁਕੰਮਲ ਤੌਰ ਤੇ ਨਿੱਜੀਕਰਨ ਕਰ ਦੇਣਾ ਹੈ | ਉਨ੍ਹਾਂ ਕਿਹਾ ਕਿ ਇਸ ਬਿੱਲ ਨੂੰ ਰੋਕਣਾ ਬੇਹੱਦ ਜ਼ਰੂਰੀ ਹੈ ਪਰ ਬਹੁਤ ਅਫਸੋਸ ਇਸ ਗੱਲ ਦਾ ਹੈ ਕਿ ਪੰਜਾਬ ਸਰਕਾਰ ਨੇ ਇਸ ਬਾਰੇ ਅਜੇ ਤੱਕ ਫੈਸਲਾ ਨਹੀਂ ਲਿਆ ਅਤੇ ਬਿੱਲ ਦਾ ਵਿਰੋਧ ਨਹੀਂ ਕੀਤਾ ਹੈ |