ਅੰਮਿ੍ਤਸਰ, 4 ਦਸੰਬਰ (ਰੇਸ਼ਮ ਸਿੰਘ)-ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮਿ੍ਤਸਰ ਦੀ ਰਹਿਨੁਮਾਈ ਹੇਠ ਇਸ ਵਾਰ ਕੌਮੀ ਲੋਕ ਅਦਾਲਤ 13 ਦਸੰਬਰ ਨੂੰ ਲਗੇਗੀ | ਅੱਜ ਇਸ ਦੀ ਸਫਲਤਾ ਵਾਸਤੇ ਜੱਜ ਸ: ਅਮਰਦੀਪ ਸਿੰਘ ਵਲੋਂ ਜੁਡੀਸ਼ੀਅਲ ਅਫਸਰਾਂ ਅਤੇ ਪੁਲਿਸ ਅਧਿਕਾਰੀਆਂ ਜ਼ਿਲ੍ਹਾ ਕਾਰਪੋਰੇਸ਼ਨ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ | ਇਸ ਲੋਕ ਅਦਾਲਤ 'ਚ ਪਰਿਵਾਰਕ ਕੇਸਾਂ (ਜਿਵੇਂ ਕੀ ਪਤੀ-ਪਤਨੀ ਦੇ ਆਪਸੀ ਝਗੜੇ), ਚੈੱਕ ਬਾਉਂਸ ਦੇ ਕੇਸ, ਜ਼ਮੀਨ ਨਾਲ ਸੰਬੰਧਤ ਕੇਸ, ਬੈਂਕਾ ਦੇ ਕੇਸ, ਫਾਈਨਾਂਸ ਕੰਪਨੀਆਂ-ਬੀਮਾ ਕੰਪਨੀਆਂ, ਮੋਟਰ ਦੁਰਘਟਨਾ, ਜ਼ਮੀਨੀ ਵਿਵਾਦ, ਬਿਜਲੀ ਅਤੇ ਪਾਣੀ ਦੇ ਬਿੱਲ ਆਦਿ ਕਿਸਮਾਂ ਦੇ ਕੇਸ ਲਗਾਏ ਜਾ ਸਕਦੇ ਹਨ | ਇਸ ਵਾਰ ਦੀ ਲੋਕ ਅਦਾਲਤ ਵਿਚ ਹਜ਼ਾਰਾਂ ਕੇਸ ਰਾਜੀਨਾਮੇ ਵਾਸਤੇ ਰੱਖੇ ਜਾ ਰਹੇ ਹਨ |