ਰਾਜਾਸਾਂਸੀ, 4 ਦਸੰਬਰ (ਹਰਦੀਪ ਸਿੰਘ ਖੀਵਾ)-ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖਲ ਕਰਨ ਦੇ ਅਖੀਰਲੇ ਦਿਨ ਅੱਜ ਹਲਕਾ ਰਾਜਾਸਾਂਸੀ 'ਚ ਆਮ ਆਦਮੀ ਪਾਰਟੀ ਵਲੋਂ ਕਾਂਗਰਸ ਤੇ ਅਕਾਲੀ ਉਮੀਦਵਾਰਾਂ ਦੀਆਂ ਫਾਈਲਾਂ ਖੋਹ ਕੇ ਪਾੜਨ ਕਾਰਨ ਅਕਾਲੀ ਕਾਂਗਰਸੀਆਂ ਵਲੋਂ ਆਪ ਸਰਕਾਰ ਖ਼ਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਗਈ | ਹਲਕਾ ਰਾਜਾਸਾਂਸੀ ਤੋਂ ਕਾਂਗਰਸ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਪ ਵਰਕਰਾਂ ਵਲੋਂ ਧੱਕੇਸ਼ਾਹੀ ਕਰਦਿਆਂ ਐੱਸ. ਡੀ. ਐੱਮ. ਦਫਤਰ ਵਿਚ ਸਾਡੇ ਕਰੀਬ ਚਾਰ ਉਮੀਦਵਾਰਾਂ ਦੀਆਂ ਫਾਈਲਾਂ ਖੋਹ ਕੇ ਪੁਲਿਸ ਪ੍ਰਸ਼ਾਸਨ ਅਤੇ ਅਧਿਕਾਰੀਆਂ ਦੇ ਸਾਹਮਣੇ ਹੀ ਪਾੜ ਕੇ ਬਾਹਰ ਸੁੱਟ ਦਿੱਤੀਆਂ ਗਈਆਂ | ਉਨ੍ਹਾਂ ਕਿਹਾ ਕਿ ਇਕ ਸਾਡਾ ਜਿਲ੍ਹਾ ਪ੍ਰੀਸ਼ਦ ਦਾ ਕਾਂਗਰਸੀ ਉਮੀਦਵਾਰ ਸੁਰਜੀਤ ਸਿੰਘ ਸਰਪੰਚ ਭਿੰਡੀ ਸੈਦਾਂ ਉਸ 'ਤੇ ਹਮਲਾ ਕਰਕੇ ਸਿਰ ਵਿਚ ਗੰਭੀਰ ਸੱਟਾਂ ਲਾਈਆਂ ਗਈਆਂ ਹਨ | ਜੋ ਕਿ ਆਪ ਵਰਕਰਾਂ ਵਲੋਂ ਆਪਣੀ ਹਾਰ ਨੂੰ ਵੇਖਦਿਆਂ ਬੁਖਲਾਹਟ 'ਚ ਆ ਕੇ ਸਰਾਸਰ ਗੁੰਡਾਗਰਦੀ ਤੇ ਧੱਕਾਸ਼ਾਹੀ ਦਾ ਨੰਗਾ ਨਾਚ ਕੀਤਾ ਗਿਆ ਹੈ | ਅਕਾਲੀ ਦਲ ਦੇ ਆਗੂਆਂ 'ਚ ਸੀਨੀਅਰ ਆਗੂ ਰਾਣਾ ਰਣਬੀਰ ਸਿੰਘ ਲੋਪੋਕੇ ਤੇ ਸ਼ੋ੍ਰਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ ਨੇ ਹਲਕੇ ਦੇ ਆਪ ਆਗੂਆਂ, ਪੁਲਿਸ ਪ੍ਰਸ਼ਾਸਨ ਅਤੇ ਅਧਿਕਾਰੀਆਂ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦਾਖਲ ਕਰਨ ਮੌਕੇ 'ਤੇ ਪ੍ਰਸ਼ਾਸਨ ਅਤੇ ਅਧਿਕਾਰੀਆਂ ਵਲੋਂ ਨਿਕੰਮੇ ਪ੍ਰਬੰਧ ਕੀਤੇ ਗਏ ਸਨ, ਜਿਸ ਕਾਰਨ ਆਪ ਦੇ ਵਰਕਰਾਂ ਵਲੋਂ ਪੁਲਿਸ ਦੀ ਨਿਗਰਾਨੀ ਹੇਠ ਸ਼ਰੇਆਮ ਗੁੰਡਾਗਰਦੀ ਕੀਤੀ ਗਈ | ਉਨ੍ਹਾਂ ਪੁਲਿਸ ਤੇ ਆਪ ਦੇ ਆਗੂਆਂ 'ਤੇ ਦੋਸ਼ ਲਗਾਇਆ ਕਿ ਅੱਜ ਦੁਪਹਿਰ 12 ਵਜੇ ਤੋਂ ਬਾਅਦ ਗੁੰਡਾ ਅਨਸਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਹੋਣ ਵਾਲੇ ਕੰਪਲੈਕਸ ਅੰਦਰ ਵਿਚ ਵਾੜ ਕੇ ਸਾਡੇ ਕਰੀਬ ਅੱਠ ਉਮੀਦਵਾਰਾਂ ਦੀਆਂ ਫਾਈਲਾਂ ਖੋਹ ਕੇ ਮੌਕੇ 'ਤੇ ਹੀ ਪਾੜ ਦਿੱਤੀਆਂ ਅਤੇ ਐੱਸ. ਡੀ. ਐੱਮ. ਦਫਤਰ ਤੋਂ ਬਾਹਰ ਸੁੱਟ ਦਿੱਤੀਆਂ ਗਈਆਂ | ਉਨ੍ਹਾਂ ਕਿਹਾ ਕਿ ਇਸ ਦੀ ਸ਼ਿਕਾਇਤ ਅਸੀਂ ਬਕਾਇਦਾ ਐੱਸ. ਡੀ. ਐੱਮ. ਲੋਪੋਕੇ ਅਤੇ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਹੈ | ਇਸ ਦੌਰਾਨ ਭਾਜਪਾ ਦੇ ਹਲਕਾ ਰਾਜਾਸਾਂਸੀ ਤੋਂ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਨੇ ਵੀ ਆਪਣੇ ਦੁਖੜੇ ਸੁਣਾਉਂਦਿਆਂ ਕਿਹਾ ਕਿ ਮਾਨ ਦੀ ਅਗਵਾਈ ਵਾਲੀ ਸਰਕਾਰ ਸ਼ਰੇਆਮ ਧੱਕੇਸ਼ਾਹੀ ਹੋ ਰਹੀ ਹੈ ਅਤੇ ਸਾਡੇ ਕਰੀਬ 25 ਉਮੀਦਵਾਰਾਂ ਨੂੰ ਪੁਲਿਸ ਵਲੋਂ ਧੱਕੇ ਮਾਰ ਕੇ ਐੱਸ. ਡੀ. ਐੱਮ. ਦਫਤਰ ਤੋਂ ਬਾਹਰ ਕੱਢ ਦਿੱਤਾ ਗਿਆ ਤੇ ਸਾਡੇ ਉਮੀਦਵਾਰਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ, ਉਨ੍ਹਾਂ ਦੇ ਨਾਮਜ਼ਦਗੀ ਪੱਤਰ ਭਰਨ ਹੀ ਨਹੀਂ ਦਿੱਤੇ ਗਏ | ਇਸ ਸੰਬੰਧੀ ਜਦ ਰਾਜਾਸਾਂਸੀ ਦੇ ਡੀ. ਐੱਸ. ਪੀ. ਸ੍ਰੀ ਨੀਰਜ ਕੁਮਾਰ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ | ਚੋਣਾਂ ਦੌਰਾਨ ਮਾੜੀ ਮੋਟੀ ਲੜਾਈ ਹੋਣੀ ਕੋਈ ਵੱਡੀ ਗੱਲ ਨਹੀਂ | | ਬਾਕੀ ਰਹੀ ਨਾਮਜਦਗੀ ਪੱਤਰ ਪਾੜਨ ਦੀ ਗੱਲ ਤਾਂ ਉਹ ਨਾਮਜਦਗੀ ਪੱਤਰ ਐੱਸ. ਡੀ. ਐੱਮ. ਦਫਤਰ ਦੇ ਕੰਪਲੈਕਸ ਵਿਚ ਪਾੜੇ ਗਏ ਹਨ, ਜਦੋਂ ਕਿ ਪੁਲਿਸ ਕਰਮਚਾਰੀ ਬਾਹਰ ਲੱਗੇ ਹੋਏ ਸਨ | ਝਗੜੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੀ ਜਾਂਚ ਪੜਤਾਲ ਕੀਤੀ ਜਾਵੇਗੀ, ਜੋ ਦੋਸ਼ੀ ਪਾਇਆ ਗਿਆ ਉਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |