ਅੰਮਿ੍ਤਸਰ, 24 ਨਵੰਬਰ (ਰੇਸ਼ਮ ਸਿੰਘ) -ਇੱਥੇ ਇਕ ਉਦਯੋਗਪਤੀ ਔਰਤ ਨੂੰ ਪਿਸਤੌਲ ਵਰਗੀ ਕੋਈ ਚੀਜ਼ ਮਾਰ ਕੇ ਜ਼ਖ਼ਮੀ ਕਰਨ ਉਪਰੰਤ ਮੋਟਰਸਾਈਕਲ ਸਵਾਰ 2 ਲੁਟੇਰੇ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ, ਜਿਸ 'ਚ ਕੀਮਤੀ ਗਹਿਣੇ ਤੇ ਨਕਦੀ ਆਦਿ ਸਨ | ਇਹ ਸ਼ਿਕਾਇਤ ਦਿਆ ਨੰਦ ਨਗਰ ਲਾਰੈਂਸ ਰੋਡ ਦੀ ਰਹਿਣ ਵਾਲੀ ਰਿਪਤੀ ਟੂਟੇਜਾ ਨੇ ਛੇਹਰਟਾ ਥਾਣੇ ਦੀ ਪੁਲਿਸ ਨੂੰ ਦਿੱਤੀ ਹੈ, ਜਿਸ ਨੇ ਦੱਸਿਆ ਕਿ ਉਸ ਦੀ ਦਵਾਈ ਦੀ ਫੈਕਟਰੀ ਇੱਥੇ ਉਦਯੋਗਿਕ ਖੇਤਰ ਨੇੜੇ ਸਿਪਟ ਕਾਲਜ ਦੇ ਕੋਲ ਹੈ, ਜਦੋਂ ਕਿ ਸ਼ਾਮ ਸਾਢੇ 6 ਵਜੇ ਦੇ ਕਰੀਬ ਜਦੋਂ ਉਹ ਆਪਣੇ ਵਰਕਰਾਂ ਨਾਲ ਫੈਕਟਰੀ ਦਾ ਮੇਨ ਗੇਟ ਬੰਦ ਕਰਵਾ ਕੇ ਬਾਹਰ ਖੜੀ ਸੀ ਤਾਂ ਇਕ ਮੋਟਰਸਾਈਕਲ 'ਤੇ ਸਵਾਰ 2 ਨੌਜਵਾਨ ਆਏ ਜਿਨ੍ਹਾਂ ਨੇ ਉਸਨੂੰ ਧਮਕਾਇਆ ਕਿ ਜੋ ਕੁਝ ਹੈ ਕੱਢ ਦਿਓ | ਜਦੋਂ ਉਸਨੇ ਵਿਰੋਧ ਕੀਤਾ ਤਾਂ ਇਕ ਲੜਕੇ ਨੇ ਪਿਸਤੌਲ ਵਰਗੀ ਚੀਜ਼ ਉਸਦੇ ਮੁੰੂਹ 'ਤੇ ਮਾਰੀ ਜੋ ਉਸਦੀ ਖੱਬੀ ਅੱਖ 'ਤੇ ਲੱਗੀ ਤੇ ਖੂਨ ਨਿਕਲਣ ਲੱਗ ਪਿਆ ਉਹ ਘਬਰਾ ਕੇ ਹੇਠਾਂ ਡਿੱਗ ਪਈ ਤੇ ਉਕਤ ਦੋਵੇਂ ਨੌਜਵਾਨ ਉਸਦਾ ਪਰਸ ਖੋਹ ਕੇ ਫਰਾਰ ਹੋ ਗਏ | ਉਸਦੇ ਪਰਸ 'ਚ ਜ਼ਰੂਰੀ ਦਸਤਾਵੇਜ਼ ਤੋਂ ਇਲਾਵਾ ਡੈਬਿਟ ਕਾਰਡ, ਕਰੈਡਿਟ ਕਾਰਡ, ਉਸਦੇ ਪਤੀ ਦਾ ਡੇਬਿਟ ਕਾਰਡ ਇਕ ਬਰੈਸਲੈਟ ਸੋਨੇ ਤੇ ਹੀਰੇ ਦਾ, 4 ਹਜ਼ਾਰ ਦੇ ਕਰੀਬ ਨਕਦੀ ਤੇ ਬਾਕੀ ਹੋਰ ਕੀਮਤੀ ਸਾਮਾਨ ਆਦਿ ਸਨ | ਅੱਜ ਜਦੋਂ ਉਹ ਸਾਮਾਨ ਦਾ ਪਤਾ ਕਰ ਰਹੇ ਸਨ ਤਾਂ ਪਤਾ ਲੱਗਾ ਕਿ ਉਸਦੇ ਪਤੀ ਦੇ ਕਾਰਡ ਤੋਂ 10 ਹਜ਼ਾਰ ਰੁਪਏ ਕਢਵਾ ਲਏ ਗਏ | ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |