ਅੰਮਿ੍ਤਸਰ, 21 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀਆਂ ਚੋਣਾਂ-2025 ਬਹੁਤ ਹੀ ਸੁਚਾਰੂ, ਪਾਰਦਰਸ਼ੀ ਤੇ ਲੋਕਤੰਤਰਕ ਢੰਗ ਨਾਲ ਨੇਪਰੇ ਚੜ੍ਹ ਗਈ ਹੈ | ਚੋਣ ਪ੍ਰਕਿਰਿਆ ਦੀ ਦੇਖਭਾਲ ਦੇ ਮੁੱਖ ਅਧਿਕਾਰੀ ਪ੍ਰੋ. (ਡਾ.) ਬਲਜਿੰਦਰ ਸਿੰਘ ਬੱਲ ਨੇ ਕਿਹਾ ਕਿ ਇਹ ਸਫਲ ਚੋਣ ਪ੍ਰਕਿਰਿਆ ਸਾਰੇ ਉਨ੍ਹਾਂ ਕਰਮਚਾਰੀਆਂ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ ਜਿਨ੍ਹਾਂ ਨੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਯੋਗਦਾਨ ਪਾਇਆ | ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀ ਨਿਸ਼ਠਾ, ਇਮਾਨਦਾਰੀ ਅਤੇ ਨਿਰਪੱਖਤਾ ਨੇ ਯਕੀਨੀ ਬਣਾਇਆ ਕਿ ਪੂਰੀ ਚੋਣ ਪ੍ਰਕਿਰਿਆ ਸ਼ਾਂਤੀਪੂਰਨ ਤੇ ਸ਼ਾਨਦਾਰ ਢੰਗ ਨਾਲ ਹੋਈ | ਇਸ ਪ੍ਰਕਿਰਿਆ 'ਚ ਡਾ. ਬਲਜੀਤ ਕੌਰ ਰਿਆੜ (ਸਕੂਲ ਆਫ ਪੰਜਾਬੀ ਸਟੱਡੀਜ਼) ਨੇ ਗੁਰਦਾਸਪੁਰ ਰੀਜਨਲ ਕੈਂਪਸ 'ਚ ਪ੍ਰੈਜ਼ਾਈਡਿੰਗ ਅਫਸਰ ਵਜੋਂ ਜ਼ਿੰਮੇਵਾਰੀ ਨਿਭਾਈ, ਜਦਕਿ ਡਾ. ਹਰਕਿਰਨਦੀਪ ਕੌਰ ਨੇ ਜਲੰਧਰ ਦੀ ਚੋਣ ਪ੍ਰਕਿਰਿਆ ਦੀ ਨਿਗਰਾਨੀ ਕਰਦਿਆਂ ਪ੍ਰਬੰਧਕ ਸੁਚਾਰੂਤਾ ਦਾ ਵਿਸ਼ੇਸ਼ ਧਿਆਨ ਰੱਖਿਆ | ਯੂਨੀਵਰਸਿਟੀ ਦੇ ਸੁਰੱਖਿਆ ਵਿਭਾਗ ਨੇ ਪਹਿਲੀ ਵਾਰ ਪੰਜਾਬ ਪੁਲਿਸ ਨਾਲ ਮਿਲ ਕੇ ਵਿਸ਼ੇਸ਼ ਪ੍ਰਬੰਧ ਕੀਤੇ | ਚੋਣਾਂ 'ਚ ਜੇਤੂ ਯੂ. ਕੇ. ਡੀ. ਐੱਫ. ਦੇ ਨਵਨਿਯੁਕਤ ਪ੍ਰਧਾਨ ਹਰਦੀਪ ਸਿੰਘ ਨਾਗਰਾ ਨੇ ਚੋਣ ਅਧਿਕਾਰੀਆਂ ਦਾ ਧੰਨਵਾਦ ਪ੍ਰਗਟ ਕਰਦਿਆਂ ਸਟਾਫ਼ ਦਾ ਤਹਿ ਦਿਲੋਂ ਧੰਨਵਾਦ ਕੀਤਾ |