ਅੰਮਿ੍ਤਸਰ, 30 ਅਗਸਤ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਹੈ ਕਿ ਦੀਵਾਨ ਅਧੀਨ ਕਾਰਜਸ਼ੀਲ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਨਾਲ ਲੱਗਦੇ ਸਕੂਲਾਂ ਦੇ ਅਧਿਆਪਕ ਅਤੇ ਕਰਮਚਾਰੀ ਆਪਣੀ ਮਿਹਨਤ, ਸੇਵਾ ਅਤੇ ਸਮਾਂ ਸਮਰਪਿਤ ਕਰਕੇ ਹੜ੍ਹ ਪੀੜਤਾਂ ਦੀ ਮਦਦ ਲਈ ਮੈਦਾਨ ਵਿਚ ਉਤਰੇ ਹੋਏ ਹਨ ਅਤੇ ਇਸਨੂੰ ਆਪਣੀ ਨਿੱਜੀ ਜ਼ਿੰਮੇਵਾਰੀ ਮੰਨਦਿਆਂ ਹੋਇਆਂ ਲੋਕਾਂ ਨੂੰ ਖਾਣੇ ਦੇ ਪੈਕੇਟ, ਦਵਾਈਆਂ, ਕੱਪੜੇ, ਪਸ਼ੂਆਂ ਲਈ ਚਾਰਾ ਅਤੇ ਹੋਰ ਬੁਨਿਆਦੀ ਲੋੜ੍ਹਾਂ ਦੀਆਂ ਵਸਤਾਂ ਵੰਡਣ ਦੇ ਨਾਲ-ਨਾਲ ਬਚਾਅ ਕਾਰਜਾਂ ਵਿਚ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਮੌਕੇ ਸਕੂਲਾਂ ਵਲੋਂ ਹੜ੍ਹਾਂ ਪ੍ਰਭਾਵਿਤ ਇਲਾਕਿਆਂ ਵਿਚ ਪਰਿਵਾਰਾਂ ਨੂੰ ਤੁਰੰਤ ਮਦਦ ਲਈ ਆਪਣੀਆਂ ਲੋੜ੍ਹਾਂ ਸੰਬੰਧੀ ਨੇੜਲੇ ਸੀ.ਕੇ.ਡੀ ਸਕੂਲ ਨੰਬਰਾਂ ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ | ਡਾ: ਨਿੱਜਰ ਨੇ ਕਿਹਾ ਕਿ ਇਹ ਸਮਾਂ ਮਨੁੱਖਤਾ ਦੀ ਸੇਵਾ ਕਰਨ ਦਾ ਹੈ | ਉਨ੍ਹਾਂ ਦਾਨੀ ਸੱਜਣਾਂ ਅਤੇ ਸਹਿਯੋਗੀ ਸੰਸਥਾਵਾਂ ਨੂੰ ਇਸ ਸੰਕਟ ਸਮੇਂ ਮਨੁੱਖਤਾ ਭਰੀ ਸੇਵਾ ਵਿਚ ਵੱਧ ਚੜ ਕੇ ਹਿੱਸਾ ਪਾਉਣ ਦੀ ਅਪੀਲ ਕੀਤੀ | ਉਨ੍ਹਾਂ ਐਲਾਨ ਕੀਤਾ ਕਿ ਦੀਵਾਨ ਵਲੋਂ ਰਾਹਤ ਸਮਗਰੀ ਮੁਹਿੰਮ ਅੱਗੋਂ ਵੀ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਪ੍ਰਭਾਵਿਤ ਇਲਾਕਿਆਂ ਵਿਚ ਜਿੰਨਾਂ ਸਮਾਂ ਲੋੜ੍ਹ ਹੋਵੇਗੀ ਉਥੋਂ ਦੀਆਂ ਸਕੂਲ ਟੀਮਾਂ ਵਲੋਂ ਸਹਾਇਤਾ ਭੇਜੀ ਜਾਵੇਗੀ |