ਅੰਮਿ੍ਤਸਰ, 30 ਅਗਸਤ (ਰੇਸ਼ਮ ਸਿੰਘ)-ਇਕ ਕੁਇੰਟਲ ਤੋਂ ਵਧੇਰੇ ਭਾਰ ਵਾਲੀ ਬਜ਼ੁਰਗ ਔਰਤ ਜੋ ਗੋਡਿਆਂ ਦੀ ਤਕਲੀਫ ਕਾਰਨ ਚਲਣ ਫਿਰਨ ਤੋਂ ਅਸਮਰਥ ਸੀ ਦੇ ਦੋਵੇਂ ਗੋਡੇ ਅਤਿ ਆਧੁਨਿਕ ਜ਼ੀਰੋ ਐਰਰ ਤਕਨੀਕ ਨਾਲ ਸਫਲਤਾਪੂਰਵਕ ਬਦਲੇ ਗਏ ਹਨ ਅਤੇ ਇਹ ਔਰਤ ਆਮ ਵਾਂਗ ਚਲਣ ਫਿਰਨ ਤੇ ਚੌਂਕੜੀ ਮਾਰ ਕੇ ਬੈਠਣ ਦੇ ਸਮਰਥ ਹੋ ਗਈ ਹੈ | ਇਹ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਸਿੱਧ ਆਰਥੋਪੈਡਿਕ ਸਰਜਨ ਡਾ. ਰਣਜੀਤ ਸਿੰਘ ਨੇ ਕੀਤਾ | ਉਨ੍ਹਾਂ ਦੱਸਿਆ ਕਿ ਲੁਧਿਆਣਾ ਵਾਸੀ ਸ੍ਰੀਮਤੀ ਦਾਮਨੀ ਦਾਵੇਸਰ (65) ਸਾਲਾਂ ਜਿਨ੍ਹਾ ਦਾ ਭਾਰ 110 ਕਿਲੋਗ੍ਰਾਮ ਹੈ ਅਤੇ ਉਹ ਪਿਛਲੇ ਕਈ ਸਾਲ ਤੋਂ ਗੋਡਿਆਂ ਦੇ ਦਰਦ ਤੋਂ ਭਾਰੀ ਪ੍ਰੇਸ਼ਾਨ ਸੀ | ਜਿਸ ਕਾਰਨ ਉਹ ਪੂਰੀ ਤਰ੍ਹਾਂ ਚੱਲਣ ਫਿਰਨ ਤੋਂ ਵੀ ਅਸਮਰੱਥ ਸੀ | ਇਸ ਤੋਂ ਇਲਾਵਾ ਉਹ ਹਾਈ ਬਲੱਡ ਪ੍ਰੈਸ਼ਰ ਦੀ ਮਰੀਜ਼ ਵੀ ਸੀ | ਜਿਸ ਕਾਰਨ ਕੋਈ ਵੀ ਡਾਕਟਰ ਉਸ ਦਾ ਇਲਾਜ ਕਰਨ ਲਈ ਤਿਆਰ ਨਹੀਂ ਸੀ | ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਇਥੇ ਲਿਵਾਸਾ ਹਸਪਤਾਲ ਵਿਖੇ ਆਪਣੇ ਗੋਡਿਆਂ ਦੀ ਜਾਂਚ ਕਰਵਾਉਣ ਲਈ ਆਈ ਤਾਂ ਉਸ ਦੀ ਜਾਂਚ ਕਰਨ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਗਿਆ ਕਿ ਇਨ੍ਹਾਂ ਦੇ ਗੋਡਿਆਂ ਦਾ ਇਲਾਜ ਜ਼ੀਰੋ ਤਕਨੀਕ ਰਾਹੀਂ ਹੀ ਸੰਭਵ ਹੈ | ਪਰਿਵਾਰਕ ਮੈਂਬਰਾਂ ਦੀ ਸਹਿਮਤੀ ਤੋਂ ਬਾਅਦ ਮਹਿਲਾ ਦੀ ਜ਼ੀਰੋ ਤਕਨੀਕ ਰਾਹੀਂ ਸਫਲਤਾਪੂਰਵਕ ਅਪ੍ਰੇਸ਼ਨ ਕਰਕੇ ਦੋਵੇਂ ਗੋਡੇ ਤਬਦੀਲ ਕਰ ਦਿੱਤੇ ਗਏ | ਹੁਣ ਉਹ ਮਹਿਲਾ ਆਮ ਵਾਂਗ ਤੁਰ ਫਿਰ ਸਕਦੀ ਹੈ ਅਤੇ ਆਮ ਵਾਂਗ ਕੰਮਕਾਰ ਕਰ ਸਕਦੀ ਹੈ | ਜ਼ੀਰੋ ਤਕਨੀਕ ਸੰਬੰਧੀ ਜਾਣਕਾਰੀ ਡਾ: ਸਿੰਘ ਨੇ ਦੱਸਿਆ ਕਿ ਆਧੁਨਿਕ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਲੈਸ ਜ਼ੀਰੋ ਤਕਨੀਕ ਨਾਲ ਉਹ ਹੁਣ ਤੱਕ ਹਜ਼ਾਰਾਂ ਸਫਲਤਾ ਪੂਰਵਕ ਸਰਜਰੀਆਂ ਕਰਕੇ ਰੋਬੋਟਿਕ ਸਰਜਰੀ ਨੂੰ ਵੀ ਪਿੱਛੇ ਛੱਡ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਰੋਬੋਟਿਕ ਸਰਜਰੀ ਵਿਚ ਚੀਰਾ ਵੱਡਾ ਲਗਦਾ ਹੈ ਅਤੇ ਅਪ੍ਰੇਸ਼ਨ ਵਿਚ ਲੰਬਾ ਸਮਾਂ ਲੱਗਣ ਦੇ ਕਾਰਨ ਵਜਨੀ ਅਤੇ ਬਜ਼ੁਰਗ ਮਰੀਜ਼ਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ |