ਫ਼ਾਜ਼ਿਲਕਾ, 9 ਨਵੰਬਰ (ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਦੀ ਭਾਰਤ-ਪਾਕ ਸਰਹੱਦ ਦੇ ਅੰਤਰਰਾਸ਼ਟਰੀ ਸਾਦਕੀ ਬਾਰਡਰ 'ਤੇ ਦੋਹਾਂ ਦੇਸ਼ਾਂ ਵਿਚਕਾਰ ਹੋਣ ਵਾਲੀ ਰੀਟਰੀਟ ਸੈਰੇਮਨੀ ਤੋਂ ਬਾਅਦ, ਦੇਸ਼ ਦੇ ਮਹਾਨ ਫ਼ਿਲਮੀ ਹੀਰੋ ਅਤੇ ਪੰਜਾਬ ਨਿਵਾਸੀ ਸਵ. ਧਰਮਿੰਦਰ ਦੇ 90ਵੇਂ ਜਨਮ ਦਿਨ 'ਤੇ, ਉਨ੍ਹਾਂ ਦੇ ਨਾਮ 'ਤੇ 90 ਬੂਟੇ ਭਾਰਤੀ ਸਰਹੱਦ ਦੀਆਂ ਸੜਕਾਂ 'ਤੇ ਲਗਾਏ ਗਏ ਅਤੇ ਉਨ੍ਹਾਂ ਦੇ ਫ਼ਿਲਮੀ ਡਾਇਲਾਗ ਸੁਣਾ ਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ | ਬਾਰਡਰ ਏਰੀਆ ਵਿਕਾਸ ਫ਼ਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਦੀ ਅਗਵਾਈ ਹੇਠ ਆਯੋਜਿਤ ਇਸ ਪ੍ਰੋਗਰਾਮ ਵਿਚ ਸ੍ਰੀ ਪੰਚ ਦਸ਼ਨਾਮ ਜੂਨਾਂ ਅਖਾੜਾ ਦੇ ਅੰਤਰਰਾਸ਼ਟਰੀ ਪ੍ਰਧਾਨ ਮਹੰਤ ਪ੍ਰੇਮ ਗਿਰੀ ਮਹਾਰਾਜ, ਮਹੰਤ ਸੁਰਿੰਦਰ ਗਿਰੀ (ਪੰਜਾਬ ਪ੍ਰਧਾਨ ਅਖਾੜਾ) ਅਤੇ ਹੋਰ ਸੰਤਾਂ ਨੇ ਮਿਲ ਕੇ ਰੁੱਖ ਲਗਾ ਕੇ ਧਰਮਿੰਦਰ ਨੂੰ ਯਾਦ ਕੀਤਾ | ਇਸ ਮੌਕੇ ਸਮਾਜ ਸੇਵਕ ਸੁਰਿੰਦਰ ਵਰਮਾ, ਅਤੇ ਦਿੱਲੀ ਤੋਂ ਆਏ ਤਰੁਨ ਵਰਮਾ, ਅਤੁੱਲ ਵਰਮਾ, ਰੋਹਨ, ਵਿਨੈ ਅਤੇ ਪਾਰੁਲ ਨੇ ਵੀ ਪੌਦੇ ਲਗਾਏ | ਬਾਅਦ ਵਿਚ ਸਾਰਿਆਂ ਨੇ ਮਿਲ ਕੇ ਬੀ.ਐੱਸ.ਐਫ. ਅਧਿਕਾਰੀਆਂ ਅਤੇ ਜਵਾਨਾਂ ਨੂੰ ਮਠਿਆਈਆਂ ਭੇਟ ਕੀਤੀਆਂ |