ਫ਼ਾਜ਼ਿਲਕਾ, 9 ਨਵੰਬਰ (ਦਵਿੰਦਰ ਪਾਲ ਸਿੰਘ)-ਸਥਾਨਕ ਟਰੱਕ ਯੂਨੀਅਨ ਚੌਕ 'ਤੇ ਇਕ ਹਾਦਸਾ ਹੋ ਗਿਆ ਹੈ | ਟਰੱਕ ਦੇ ਅੱਗੇ ਅਚਾਨਕ ਇਕ ਕਾਰ ਆਉਣ ਕਾਰਨ ਡਰਾਈਵਰ ਵਲੋਂ ਕੱਟ ਮਾਰਨ ਨਾਲ ਟਰੱਕ ਬੇਕਾਬੂ ਹੋ ਕੇ ਪਲਟ ਗਿਆ | ਜਿਸ ਕਾਰਨ ਟਰੱਕ ਵਿਚ ਭਰਿਆ ਨਮਕ ਸੜਕ 'ਤੇ ਖਿੱਲਰ ਗਿਆ | ਜਾਣਕਾਰੀ ਅਨੁਸਾਰ ਸਵੇਰੇ ਇਕ ਟਰੱਕ ਅਬੋਹਰ ਵਲੋਂ ਆ ਰਿਹਾ ਸੀ | ਜਦੋਂ ਇਹ ਟਰੱਕ ਫ਼ਾਜ਼ਿਲਕਾ ਦੇ ਟਰੱਕ ਯੂਨੀਅਨ ਚੌਕ ਦੇ ਨੇੜੇ ਪਹੁੰਚਿਆ ਤਾਂ ਅੱਗੇ ਅਚਾਨਕ ਕਾਰ ਆ ਗਈ | ਕਾਰ ਨੂੰ ਬਚਾਉਣ ਦੇ ਚੱਕਰ ਵਿਚ ਟਰੱਕ ਚਾਲਕ ਨੇ ਕੱਟ ਮਾਰ ਦਿੱਤਾ, ਜਿਸ ਕਾਰਨ ਟਰੱਕ ਬੇਕਾਬੂ ਹੋ ਕੇ ਪਲਟ ਗਿਆ | ਟਰੱਕ ਦੇ ਸੜਕ 'ਤੇ ਪਲਟਣ ਨਾਲ ਉਸ ਵਿਚ ਭਰੇ ਨਮਕ ਦੇ ਬੈਗ ਸੜਕ 'ਤੇ ਖਿੱਲਰ ਗਏ, ਜਿਸ ਨਾਲ ਰਸਤਾ ਬੰਦ ਹੋ ਗਿਆ | ਮੌਕੇ 'ਤੇ ਟਰੈਫ਼ਿਕ ਪੁਲਿਸ ਨੇ ਟਰੈਫ਼ਿਕ ਵਿਵਸਥਾ ਨੂੰ ਸੁਚਾਰੂ ਬਣਾਇਆ | ਗ਼ਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਟਰੱਕ ਚਾਲਕ ਕਾਕੂ ਨੇ ਦੱਸਿਆ ਕਿ ਉਹ ਟਰੱਕ ਵਿਚ ਨਮਕ ਲੈ ਕੇ ਪਠਾਨਕੋਟ ਜਾ ਰਿਹਾ ਸੀ | ਜਦੋਂ ਉਹ ਫ਼ਾਜ਼ਿਲਕਾ ਦੇ ਟਰੱਕ ਯੂਨੀਅਨ ਚੌਕ ਦੇ ਨੇੜੇ ਪਹੁੰਚਿਆ ਤਾਂ ਮੋੜ ਕੱਟਦੇ ਸਮੇਂ ਅਚਾਨਕ ਅੱਗੇ ਕਾਰ ਆ ਗਈ | ਕਾਰ ਨੂੰ ਬਚਾਉਣ ਦੇ ਚੱਕਰ ਵਿਚ ਉਨ੍ਹਾਂ ਨੇ ਕੱਟ ਮਾਰ ਦਿੱਤਾ, ਜਿਸ ਕਾਰਨ ਟਰੱਕ ਬੇਕਾਬੂ ਹੋ ਗਿਆ ਅਤੇ ਪਲਟ ਗਿਆ | ਇਸ ਨਾਲ ਜਿੱਥੇ ਸਾਰੇ ਨਮਕ ਦੇ ਬੈਗ ਸੜਕ 'ਤੇ ਖਿੱਲਰ ਗਏ ਹਨ, ਉੱਥੇ ਹੀ ਨਮਕ ਦੇ ਬੈਗ ਸੜਕ 'ਤੇ ਡਿੱਗਣ ਨਾਲ ਕੁੱਝ ਬੈਗ ਫੱਟ ਵੀ ਗਏ ਹਨ | ਕਾਫ਼ੀ ਮਾਲ ਦਾ ਨੁਕਸਾਨ ਹੋਇਆ ਹੈ, ਨਾਲ ਹੀ ਟਰੱਕ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ ਹੈ | ਟਰੱਕ ਪਲਟਣ ਨਾਲ ਹਾਈਵੇਅ ਜਾਮ ਹੋ ਗਿਆ ਹੈ | ਟਰੱਕ ਚਾਲਕ ਦਾ ਕਹਿਣਾ ਹੈ ਕਿ ਗ਼ਨੀਮਤ ਰਹੀ ਕਿ ਇਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਉਸ ਦਾ ਮਾਲੀ ਨੁਕਸਾਨ ਕਾਫ਼ੀ ਹੋ ਗਿਆ ਹੈ |