ਮੰਡੀ ਰੋੜਾਂਵਾਲੀ, 3 ਦਸੰਬਰ (ਬਰਾੜ)-ਬੇਰੁਜ਼ਗਾਰ ਪੀ. ਐੱਸ. ਟੈਟ ਪਾਸ ਆਰਟ ਐਂਡ ਕਰਾਫ਼ਟ ਸੰਘਰਸ਼ ਯੂਨੀਅਨ ਦੇ ਸੂਬਾ ਪ੍ਰਧਾਨ ਰਕੇਸ਼ ਕੁਮਾਰ ਮਾਨਸਾ ਅਤੇ ਬੀ. ਐੱਡ. ਟੈਟ ਪਾਸ ਮਾਸਟਰ ਕੇਡਰ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਘੁਬਾਇਆ 'ਤੇ ਸੁਰਿੰਦਰ ਕੁਮਾਰ ਪਾਲੀ ਵਾਲਾ ਨੇ ਦੱਸਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਆਪਣੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਬੀ. ਐਡ ਅਤੇ ਆਰਟ ਐਂਡ ਕਰਾਫ਼ਟ ਦੀ ਇਕ ਵੀ ਪੋਸਟ ਨਹੀਂ ਕੱਢੀ ਗਈ, ਜਿਸ ਕਾਰਨ ਉਹ ਅੱਜ ਤੱਕ ਬੇਰੁਜ਼ਗਾਰ ਫਿਰ ਰਹੇ ਹਨ 'ਤੇ ਉਨ੍ਹਾਂ ਦੇ ਕਈ ਸਾਥੀ ਓਵਰਏਜ ਵੀ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਵਲੋਂ ਉਨ੍ਹਾਂ ਨਾਲ ਕਈ ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਅੱਜ ਤੱਕ ਪੋਸਟਾਂ ਨਹੀਂ ਕੱਢੀਆਂ ਗਈਆਂ, ਜਿਸ ਤੋਂ ਦੁਖੀ ਹੋ ਕੇ ਉਹ 7 ਦਸੰਬਰ ਐਤਵਾਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਦਿੜ੍ਹਬਾ ਵਿਚ ਇਕ ਵੱਡੀ ਰੈਲੀ ਕਰਨਗੇ ਅਤੇ ਸਰਕਾਰ ਦੇ ਝੂਠੇ ਲਾਰਿਆਂ ਦੀ ਪੋਲ ਖੋਲ੍ਹਣਗੇ | ਉਨ੍ਹਾਂ ਇਹ ਵੀ ਦੱਸਿਆ ਕਿ ਉਹ ਇਸ ਮੌਕੇ ਹਰਪਾਲ ਸਿੰਘ ਚੀਮਾ ਦੀ ਕੋਠੀ ਦਾ ਘਿਰਾਓ ਵੀ ਕਰਨਗੇ 'ਤੇ ਆਪਣੀ ਮੰਗ ਨੂੰ ਮਨਵਾਉਣ ਤੱਕ ਸੰਘਰਸ਼ ਜਾਰੀ ਰੱਖਣਗੇ |