ਕਲਾਨੌਰ, 9 ਦਸੰਬਰ (ਪੁਰੇਵਾਲ)-ਸਥਾਨਕ ਕਸਬੇ 'ਚ ਪਹੁੰਚੇ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਜਥੇ. ਸੁੱਚਾ ਸਿੰਘ ਛੋਟੇਪੁਰ ਸਾ. ਕੈਬਨਿਟ ਮੰਤਰੀ ਪੰਜਾਬ ਨੇ ਸਾਥੀਆਂ ਦੀ ਮੀਟਿੰਗ ਉਪਰੰਤ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਅਤੇ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੀ ਸੋਚ 'ਤੇ ਪਹਿਰਾ ਦੇਣ ਦੇ ਝੂਠੇ ਦਾਅਵੇ ਕਰ ਰਹੀ ਆਮ ਆਦਮੀ ਪਾਰਟੀ ਨੇ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਆਪਣੀ ਹਾਰ ਤੋਂ ਡਰਦਿਆਂ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਦੇ ਨਾਮਜ਼ਦਗੀਆਂ ਰੱਦ ਕਰ ਕੇ ਲੋਕਤੰਤਰ ਦਾ ਘਾਣ 'ਆਪ' ਸਰਕਾਰ ਨੂੰ ਲੈ ਡੁੱਬੇਗਾ | ਇਸ ਸਬੰਧੀ ਸੀਨੀਅਰ ਯੂਥ ਆਗੂ ਬੀਰਜਤਿੰਦਰ ਸਿੰਘ ਸੋਨੀ ਭਿਖਾਰੀਵਾਲ ਨੇ ਕਿਹਾ ਕਿ ਜਿਨਾਂ ਵੋਟਰਾਂ ਵਲੋਂ ਪਿਛਲੀਆਂ ਸਰਕਾਰਾਂ ਨੂੰ ਲਾਂਭੇ ਕਰ ਕੇ 'ਆਪ' ਨੂੰ ਆਪ ਮੁਹਾਰੇ ਹੋ ਕੇ ਭਾਰੀ ਬਹੁਮਤ 'ਚ ਜਿਤਾ ਕੇ ਨਵੇਂ ਬਦਲਾਅ ਲਈ ਪੰਜਾਬ ਦੀ ਸੱਤਾ 'ਚ ਲਿਆਂਦਾ ਸੀ, ਪ੍ਰੰਤੂ ਆਮ ਆਦਮੀ ਪਾਰਟੀ ਨੇ ਪਿਛਲੀਆਂ ਸਾਰੀਆਂ ਸਰਕਾਰਾਂ ਦੀਆਂ ਹੱਦਾਂ-ਬੰਨੇ ਪਾਰ ਕਰਦਿਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਕੇ ਵੋਟਰਾਂ ਤੋਂ ਵੋਟ ਪਾਉਣ ਦਾ ਹੱਕ ਖੋਹਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਵੋਟਰ ਆਉਣ ਵਾਲੀਆਂ 2027 ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਮੂੰਹ ਨਹੀਂ ਲਾਉਣਗੇ ਅਤੇ ਆਮ ਆਦਮੀ ਪਾਰਟੀ ਵਾਲੇ ਵੋਟਰਾਂ ਦੀਆਂ ਵੋਟਾਂ ਨੂੰ ਤਰਸਣਗੇ | ਇਸ ਮੌਕੇ 'ਤੇ ਯੂਥ ਆਗੂ ਹਰਮੀਤ ਸਿੰਘ ਜਿੰਮੀ ਕਾਹਲੋਂ, ਅਮਨਦੀਪ ਸਿੰਘ ਗਿੱਲ, ਗੁਲਜਾਰ ਸਿੰਘ, ਬਾਬਾ ਦਲਵਿੰਦਰ ਸਿੰਘ, ਗੁਲਾਬ ਸਿੰਘ, ਇੰਦਰ ਸਿੰਘ, ਸੁਖਵਿੰਦਰ ਸਿੰਘ, ਰਘਬੀਰ ਸਿੰਘ, ਜਗੀਰ ਸਿੰਘ, ਸਵਿੰਦਰ ਸਿੰਘ, ਹਰਜੀਤ ਸਿੰਘ, ਬਲਵਿੰਦਰ ਸਿੰਘ ਸਮੇਤ ਹੋਰ ਆਗੂ ਵੀ ਮੌਜ਼ੂਦ ਸਨ |