ਕਲਾਨੌਰ, 4 ਦਸੰਬਰ (ਪੁਰੇਵਾਲ)- ਪੰਜਾਬ ਕਿਸਾਨ ਯੂਨੀਅਨ ਇਲਾਕਾ ਕਲਾਨੌਰ ਦੀ ਮੀਟਿੰਗ ਪਿੰਡ ਬਿਸ਼ਨਕੋਟ ਵਿਖੇ ਗੁਰਿੰਦਰ ਸਿੰਘ ਖੱਦਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਬਿਜਲੀ ਸੋਧ ਬਿੱਲ 2025, ਸੀਡ ਬਿੱਲ 2025, ਪੰਜਾਬ ਰੋਡਵੇਜ਼, ਪੀ.ਆਰ.ਟੀ.ਸੀ. ਤੇ ਪਨਬੱਸ ਮੁਲਾਜ਼ਮਾਂ ਦੀ ਹੜਤਾਲ ਸਬੰਧੀ, ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹਣ ਦੀ ਨਿਖੇਧੀ ਕਰਦਿਆਂ ਸਮਾਜ ਦੇ ਇਨ੍ਹਾਂ ਭਖਦੇ ਮਸਲਿਆਂ 'ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ | ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਅਸ਼ਵਨੀ ਕੁਮਾਰ ਲੱਖਣਕਲਾਂ, ਲਖਵਿੰਦਰ ਸਿੰਘ ਸਿੱਧੂ ਰੋਸੇ, ਗੁਰਦੀਪ ਸਿੰਘ ਕਾਮਲਪੁਰ, ਬੇਅੰਤਪਾਲ ਸਿੰਘ ਡੇਅਰੀਵਾਲ ਕਿਰਨ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਨਾਲ ਵਾਰ-ਵਾਰ ਵਿਤਕਰੇ ਵਾਲੀ ਨੀਤੀ ਅਪਨਾ ਰਹੀ ਹੈ ਤੇ ਸਰਦ ਰੁੱਤ ਸ਼ੈਸ਼ਨ 'ਚ ਬਿਜਲੀ ਸੋਧ ਬਿੱਲ 2025 ਤੇ ਸੀਡ ਬਿੱਲ ਸਬੰਧੀ ਬਿੱਲ ਇਸ ਸੈਸ਼ਨ 'ਚ ਪਾਸ ਕਰਨ ਲਈ ਕਾਹਲੀ ਹੈ | ਇਸ ਲਈ ਇਨ੍ਰਾਂ ਬਿੱਲਾਂ ਵਿਰੁੱਧ ਸੰਘਰਸ਼ ਕਰਨਾ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਸਰਕਾਰਾਂ ਸਾਜ਼ਿਸ਼ੀ ਤਰੀਕੇ ਨਾਲ ਕਿਸਾਨੀ ਨੂੰ ਖੇਤੀ 'ਚੋਂ ਬਾਹਰ ਕਰ ਕੇ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ | ਯੂਨੀਅਨ ਆਗੂਆਂ ਕਿਹਾ ਕਿ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹਣ ਲਈ ਕਈ ਸਾਜ਼ਿਸ਼ੀ ਤਰੀਕਿਆਂ ਨਾਲ ਹੋਛੇ ਹੱਥਕੰਡੇ ਅਪਣਾਏ ਜਾ ਰਹੇ ਹਨ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਨਾਲ ਗੱਲਬਾਤ ਕਰਨ ਦੀ ਬਜਾਏ ਉਨ੍ਹਾਂ 'ਤੇ ਗੈਰ-ਕਾਨੂੰਨੀ ਢੰਗ ਨਾਲ ਤਸ਼ੱਦਦ ਦੇ ਰਾਹ ਤੁਰੀ ਹੈ, ਜੋ ਕਿ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਖਿਲਾਫ਼ ਹੈ, ਜਿਸ ਦੀ ਪੰਜਾਬ ਕਿਸਾਨ ਯੂਨੀਅਨ ਨਿਖੇਧੀ ਕਰਦੀ ਹੈ ਤੇ ਮੰਗ ਕਰਦੀ ਹੈ ਕਿ ਗਿ੍ਫਤਾਰ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰ ਕੇ ਇਨ੍ਹਾਂ ਦੀਆਂ ਮੰਗਾਂ ਦਾ ਠੋਸ ਹੱਲ ਕਰਨਾ ਚਾਹੀਦਾ ਹੈ |