ਬਟਾਲਾ, 3 ਦਸੰਬਰ (ਸਤਿੰਦਰ ਸਿੰਘ)- ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਪਿ੍ੰਸੀਪਲ ਸ੍ਰੀਮਤੀ ਡਾ. ਸੁਨੀਤਾ ਕੌਸ਼ਲ (ਸਟੇਟ ਐਵਾਰਡੀ) ਦੀ ਅਗਵਾਈ ਵਿਚ ਸ: ਗੁਰਮੇਜ ਸਿੰਘ ਨੇ ਪੀ.ਟੀ.ਆਈ. ਤੋਂ ਡੀ.ਪੀ.ਈ. ਦੀ ਤਰੱਕੀ ਹੋਣ 'ਤੇ 24 ਦਸੰਬਰ 2024 ਨੂੰ ਇਸ ਸਕੂਲ ਵਿਚ ਖੇਡਾਂ ਦਾ ਕਾਰਜ ਸੰਭਾਲਿਆ | ਫਿਰ ਸਕੂਲ ਸਮੇਂ ਤੋਂ ਬਾਅਦ ਸ਼ਾਮ ਵੇਲੇ ਖਿਡਾਰੀਆਂ ਨੂੰ ਵੱਖ-ਵੱਖ ਖੇਡਾਂ ਵਿਚ ਸਿਖਲਾਈ ਦਿੱਤੀ | ਪਿ੍ੰ. ਡਾ. ਸੁਨੀਤਾ ਕੌਸ਼ਲ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਪਹਿਲੇ ਜ਼ੋਨਲ ਟੂਰਨਾਮੈਂਟ 'ਚ ਸਾਡੇ ਖਿਡਾਰੀਆਂ ਨੇ ਭਾਗ ਲੈ ਕੇ ਖੋ-ਖੋ ਲੜਕੇ ਅੰਡਰ-17 ਤੇ 19 'ਚ ਪਹਿਲਾ, ਅੰਡਰ-14 ਦੂਜਾ, ਲੜਕੀਆਂ ਖੋ-ਖੋ ਟੀਮ ਅੰਡਰ-19 ਦੂਜਾ, ਅੰਡਰ 14 ਤੇ 17 ਨੇ ਤੀਜਾ, ਸਰਕਲ ਕਬੱਡੀ ਲੜਕੇ ਅੰਡਰ-19 ਨੇ ਪਹਿਲਾ, ਨੈਸ਼ਨਲ ਕਬੱਡੀ ਅੰਡਰ-19 ਲੜਕੀਆਂ ਨੇ ਪਹਿਲਾ, ਕਰਾਟੇ ਅੰਡਰ-17 ਤੇ ਅੰਡਰ-19 ਲੜਕੀਆਂ ਨੇ ਪਹਿਲਾ, ਬੈਡਮਿੰਟਨ ਅੰਡਰ-17 ਲੜਕੇ ਪਹਿਲਾ, ਅੰਡਰ-14 ਦੂਜਾ, ਬੈਡਮਿੰਟਨ ਲੜਕੀਆਂ ਅੰਡਰ-19 ਪਹਿਲਾ ਤੇ ਅੰਡਰ-14 ਦੂਜਾ ਸਥਾਨ ਪ੍ਰਾਪਤ ਕੀਤਾ | ਐਥਲੈਟਿਕਸ ਜ਼ਿਲ੍ਹਾ ਵਿਚ ਲੜਕੇ ਤੇ ਲੜਕੀਆਂ 15 ਖਿਡਾਰੀਆਂ ਨੇ ਭਾਗ ਲਿਆ, ਜਿਨ੍ਹਾਂ ਵਿਚੋਂ 2 ਖਿਡਾਰੀਆਂ ਨੇ ਪਹਿਲਾ, 6 ਨੇ ਦੂਜਾ ਅਤੇ ਤਿੰਨ ਖਿਡਾਰੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਅੰਤਰ ਜ਼ਿਲ੍ਹਾ ਲਈ 11 ਖਿਡਾਰੀਆਂ ਦੀ ਵੱਖ-ਵੱਖ ਟੀਮਾਂ ਵਿਚ ਚੋਣ ਹੋਈ, ਜਿਨ੍ਹਾਂ ਵਿਚੋਂ ਲੜਕੇ ਖੋ-ਖੋ ਅੰਡਰ-17 ਅਭਿ ਮਸੀਹ ਤੇ ਜੋਇਲ ਮਸੀਹ, ਲੜਕੀਆਂ ਖੋ-ਖੋ ਅੰਡਰ-14 ਤੇ ਅੰਡਰ-17 ਵਿਚ ਸੁਨੀਹਾ ਸੁੱਭ, ਸਰਕਲ ਕਬੱਡੀ ਅੰਡਰ-19 ਲੜਕੀਆਂ ਕੁਲਵਿੰਦਰ ਕੋਰ ਤੇ ਮਨਮੀਤ ਕੌਰ, ਐਥਲੈਟਿਕਸ ਭਾਵਿਕ ਖੋਸਲਾ, ਜਸ਼ਨਪ੍ਰੀਤ ਕੌਰ ਜੈਵਲਿਨ ਥਰੋਅ, ਮਨਮੀਤ ਕੌਰ ਉੱਚੀ ਛਾਲ ਵਿਚ ਸ਼ਾਮਲ ਹਨ | ਅੰਤਰ ਜ਼ਿਲ੍ਹਾ ਸਟੇਟ ਜੈਵਲਿਨ ਥਰੋਅ ਵਿਚ ਜਸ਼ਨਪ੍ਰੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਸ: ਗੁਰਮੇਜ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਖੇਡਾਂ ਵਿਚ ਤਿਆਰੀ ਕਰਵਾਉਣ ਲਈ ਸਟੇਟ ਅਵਾਰਡੀ ਡਾ. ਸੁਨੀਤਾ ਕੋਸ਼ਲ ਪਿ੍ੰਸੀਪਲ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਲੋ ਪੂਰਾ ਸਹਿਯੋਗ ਦਿੱਤਾ ਤੇ ਲੋੜੀਂਦੇ ਸਾਰੇ ਪ੍ਰਬੰਧ ਕੀਤੇ ਜਿਸ ਸਦਕਾ ਇਸ ਸਕੂਲ ਨੇ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਰਾਸ਼ਟਰੀ ਪੱਧਰ ਤੱਕ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ |