ਧਾਰੀਵਾਲ, 3 ਦਸੰਬਰ (ਜੇਮਸ ਨਾਹਰ)- ਹਰ ਸਾਲ ਸਰਦੀਆਂ ਵਿਚ ਹਵਾ 'ਚ ਉੱਡਦੇ ਚੀਨੀ ਧਾਗੇ, ਜੋ ਪੰਛੀਆਂ ਤੇ ਮਨੁੱਖਾਂ ਦੀ ਮੌਤ ਦਾ ਕਾਰਨ ਬਣਦਾ ਹੈ, ਇਸ ਖੂਨੀ ਡੋਰ 'ਤੇ ਐੱਨ.ਆਰ.ਆਈ. ਸਰਬਜੀਤ ਰਾਜ ਨੇ ਪ੍ਰਸ਼ਾਸਨ ਨੂੰ ਸਖ਼ਤ ਪਾਬੰਦੀ ਲਾਉਣ ਦੀ ਅਪੀਲ ਕੀਤੀ ਹੈ | ਉਨ੍ਹਾਂ ਮੰਗ ਕੀਤੀ ਕਿ ਚੀਨੀ ਧਾਗੇ 'ਤੇ ਪਾਬੰਦੀ ਜੋ ਕਿ ਮਨੁੱਖੀ ਜੀਵਨ ਅਤੇ ਵਾਤਾਵਰਣ ਲਈ ਖ਼ਤਰਾ ਹੈ, ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ, ਕਿਉਂਕਿ ਇਹ ਪੰਛੀਆਂ ਦੇ ਖੰਭ ਵੀ ਕੱਟ ਦਿੰਦਾ ਹੈ | ਸ਼ਹਿਰ ਵਿਚ ਪਤੰਗ ਉਡਾਉਂਦੇ ਸਮੇਂ ਅਕਸਰ ਛੋਟੇ-ਵੱਡੇ ਲੋਕਾਂ ਦੇ ਗਲੇ ਕੱਟੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਅਖਬਾਰਾਂ ਵਿਚ ਨਿਯਮਤ ਤੌਰ 'ਤੇ ਚੀਨੀ ਧਾਗੇ ਕਾਰਨ ਹੋਣ ਵਾਲੇ ਹਾਦਸਿਆਂ ਦੀ ਰਿਪੋਰਟ ਆਉਂਦੀ ਹੈ, ਪਰ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ | ਇਸ ਦਾ ਫਾਇਦਾ ਉਠਾਉਂਦੇ ਹੋਏ ਦੁਕਾਨਦਾਰ ਵੱਡੀ ਮਾਤਰਾ ਵਿਚ ਚੀਨੀ ਧਾਗੇ ਦਾ ਭੰਡਾਰ ਕਰ ਰਹੇ ਹਨ ਜਿਸ ਨਾਲ ਲੋਹੜੀ, ਬਸੰਤ ਤੇ ਪਿਛਲੇ ਮਹੀਨਿਆਂ ਦੌਰਾਨ ਅਣਗਿਣਤ ਪੰਛੀਆਂ, ਬੱਚਿਆਂ ਤੇ ਬਜ਼ੁਰਗਾਂ ਦੇ ਗਲੇ ਕੱਟੇ ਜਾਣਗੇ | ਉਨ੍ਹਾਂ ਕਿਹਾ ਕਿ ਹਰ ਸਾਲ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਦੁਆਰਾ ਨਿਰੀਖਣ ਦੌਰਾਨ ਚਾਈਨਾ ਧਾਗਾ ਵੇਚਣ ਵਾਲੇ ਦੁਕਾਨਦਾਰਾਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ ਪਰ ਢਿੱਲੇ ਕਾਨੂੰਨਾਂ ਕਾਰਨ ਲੋਕ ਆਸਾਨੀ ਨਾਲ ਬਚ ਜਾਂਦੇ ਹਨ | ਸਰਬਜੀਤ ਰਾਜ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਘਾਤਕ ਧਾਗਾ ਵੇਚਣ ਵਾਲੇ ਦੁਕਾਨਦਾਰਾਂ ਵਿਰੁੱਧ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ |