ਬਟਾਲਾ, 21 ਅਕਤੂਬਰ (ਸਤਿੰਦਰ ਸਿੰਘ)-ਦੇਸ਼ ਦੀ ਖਾਤਰ ਸ਼ਹੀਦੀਆਂ ਦੇਣ ਵਾਲੇ ਪੁਲਿਸ ਜਵਾਨਾਂ ਦੀ ਖਾਤਰ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਤੇ ਇਨ੍ਹਾਂ ਦੀ ਬਦੌਲਤ ਹੀ ਦੇਸ਼ ਅੰਦਰ ਅਮਨ-ਸ਼ਾਂਤੀ ਤੇ ਖੁਸ਼ਹਾਲੀ ਬਰਕਰਾਰ ਹੈ | ਇਹ ਪ੍ਰਗਟਾਵਾ ਸੁਹੇਲ ਕਾਸਿਮ ਮੀਰ ਐਸ.ਐਸ .ਪੀ ਬਟਾਲਾ ਨੇ ਪੁਲਿਸ ਲਾਇਨ ਬਟਾਲਾ ਵਿਖੇ 'ਪੁਲਿਸ ਸ਼ਹੀਦੀ ਦਿਵਸ' ਨੂੰ ਸਮਰਪਿਤ ਕਰਵਾਏ ਸ਼ਹੀਦੀ ਸਮਾਗਮ ਦੌਰਾਨ ਕੀਤਾ | ਇਸ ਮੌਕੇ ਸ੍ਰੀਮਤੀ ਜਸਵੰਤ ਕੌਰ ਐਸ.ਪੀ (ਐੱਚ), ਗੁਰਪ੍ਰਤਾਪ ਸਿੰਘ ਸਹੋਤਾ ਐਸ.ਪੀ. (ਡੀ), ਡੀ.ਐੱਸ.ਪੀ. ਰਾਜੇਸ਼ ਕੱਕੜ, ਉਂਕਾਰਦੀਪ ਸਿੰਘ ਮੱਲੀ ਡਿਪਟੀ ਜ਼ਿਲ੍ਹਾ ਅਟਾਰਨੀ, ਇੰਸਪੈਕਟਰ ਅਨਿਲ ਪਵਾਰ ਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਤੇ ਪੰਜਾਬ ਪੁਲਿਸ ਦੇ ਸਾਬਕਾ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ | ਐਸ.ਐਸ.ਪੀ, ਸੁਹੇਲ ਕਾਸਿਮ ਮੀਰ ਨੇ ਅੱਜ ਦੇ 21 ਅਕਤੂਬਰ ਦਿਨ ਦਾ ਇਤਿਹਾਸ ਦੱਸਦਿਆਂ ਦੱਸਿਆ ਕਿ 21 ਅਕਤੂਬਰ 1959 ਨੂੰ ਲੱਦਾਖ ਦੇ ਹੋਟ ਸਪਰਿੰਗ ਖੇਤਰ ਵਿਚ ਸੀ.ਆਰ.ਪੀ.ਐਫ. ਤੇ ਇੰਨਟੈਲੀਜੈਸ ਬਿਊਰੋ ਦੀ ਸਾਂਝੀ ਪੈਟਰੋਲਿੰਗ ਪਾਰਟੀ ਭਾਰਤ-ਚੀਨ ਦੀ ਸਰਹੱਦ 'ਤੇ ਗਸ਼ਤ ਕਰ ਰਹੀ ਸੀ ਤੇ ਇਸ ਪਾਰਟੀ ਵਿਚ ਕਰੀਬ 10 ਜਵਾਨ ਹੀ ਸ਼ਾਮਿਲ ਸਨ ਤੇ ਚੀਨੀ ਫੌਜਾਂ ਨੇ ਹਮਲਾ ਕਰ ਦਿੱਤਾ, ਪਰ ਇਨਾਂ ਜਵਾਨਾਂ ਨੇ ਬਹੁਤ ਬਹਾਦਰੀ ਨਾਲ ਦੁਸ਼ਮਣਾਂ ਦਾ ਟਾਕਰਾ ਕੀਤੇ ਤੇ ਉਨ੍ਹਾਂ ਦੇ ਦੰਦ ਖੱਟ ਕੀਤੇ, ਪਰ ਆਪਣੀ ਮਾਤਰ ਭੂਮੀ ਵਿਚ ਦਾਖਲ ਨਹੀਂ ਹੋਣ ਦਿੱਤਾ | ਉਸੇ ਦਿਨ ਦੀ ਯਾਦ ਵਿਚ ਅੱਜ ਪੂਰੇ ਭਾਰਤ ਵਿਚ 'ਪੁਲਿਸ ਸ਼ਹੀਦੀ ਦਿਵਸ' ਮਨਾਇਆ ਜਾਂਦਾ ਹੈ | ਇਸ ਦੀ ਸ਼ੁਰੂਆਤ 1960 ਵਿਚ ਕੀਤੀ ਗਈ | ਇਸ ਤੋਂ ਪਹਿਲਾਂ ਇੰਸਪੈਕਟਰ ਅੰਮਿ੍ਤਪਾਲ ਕੌਰ ਵਲੋਂ ਸ਼ਹੀਦ ਹੋਏ ਜਵਾਨਾਂ ਤੇ ਅਧਿਕਾਰੀਆਂ ਦੇ ਨਾਂਅ ਪੜ੍ਹ ਕੇ ਸੁਣਾਏ ਗਏ | ਡੀ.ਐਸ.ਪੀ. ਸਮੀਰ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਸ਼ਹੀਦਾਂ ਨੂੰ ਸਲਾਮੀ ਦਿੱਤੀ ਗਈ ਤੇ ਸਮਾਗਮ 'ਚ ਪਹੁੰਚੀਆਂ ਸਮੂਹ ਹਸਤੀਆਂ ਵਲੋਂ ਸ਼ਹੀਦੀ ਸਮਾਰਕ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਉਪਰੰਤ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਪਰਿਵਾਰ ਵਾਲਿਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਗਈਆਂ | ਇਸ ਮੌਕੇ ਪੁਲਿਸ ਜ਼ਿਲ੍ਹੇ ਦੇ ਸਮੂਹ ਐਸ.ਐਚ.ਓ. ਸਮੇਤ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੇ ਮੈਂਬਰ ਆਦਿ ਹਾਜ਼ਰ ਸਨ |