30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਵਲੋਂ ਬਣਾਈ ਵਾਰਡਬੰਦੀ ਨੂੰ ਲੈ ਕੇ ਕਾਂਗਰਸੀਆਂ ਵਲੋਂ ਇਤਰਾਜ਼

ਅਜੀਤ ਡੈਸਕ 30-12-2025
ਮੰਡੀ ਗੋਬਿੰਦਗੜ੍ਹ, 29 ਦਸੰਬਰ (ਇਕਬਾਲਦੀਪ ਸੰਧੂ)-ਨਗਰ ਕੌਂਸਲ ਗੋਬਿੰਦਗੜ੍ਹ ਦੇ ਅਧਿਕਾਰੀਆਂ ਵਲੋਂ ਕੌਂਸਲ ਦੇ ਕਮਰਾ ਨੰ. 19 ਵਿਚ ਸ਼ਹਿਰ ਦੀ ਵਾਰਡਬੰਦੀ ਦੇ ਨਕਸ਼ਾ ਲਗਾਉਣ ਦੇ ਨਾਲ ਸਿਆਸੀ ਪਾਰਾ ਚੜ੍ਹ ਗਿਆ | ਜਾਣਕਾਰੀ ਅਨੁਸਾਰ ਬੀਤੀ 22 ਦਸੰਬਰ ਨੂੰ ਜਾਰੀ ਨੋਟੀਫਿਕੇਸ਼ਨ ਤੋਂ ਬਾਅਦ ਵਾਰਡਬੰਦੀ ਸਬੰਧੀ ਇਤਰਾਜ਼ ਜਮ੍ਹਾਂ ਕਰਵਾਉਣ ਦਾ ਅੱਜ ਆਖ਼ਰੀ ਦਿਨ ਸੀ,ਜਿਸ ਤੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਤੇ ਕੌਂਸਲ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰ ਅੱਜ ਵੱਡੀ ਗਿਣਤੀ ਵਿਚ ਕੌਂਸਲ ਦਫ਼ਤਰ ਪਹੁੰਚੇ ਅਤੇ ਨਵੀਂ ਵਾਰਡਬੰਦੀ 'ਤੇ ਆਪਣਾ ਇਤਰਾਜ਼ ਕਰਨ ਲੱਗੇ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਾਂਗਰਸੀ ਕੌਂਸਲਰ ਅਰਵਿੰਦ ਸਿੰਗਲਾ, ਅਮਿਤ ਜੈ ਚੰਦ ਸ਼ਰਮਾ, ਰਣਜੀਤ ਸਿੰਘ ਅੰਬੇਮਾਜਰਾ, ਕਮਲਜੀਤ ਸਿੰਘ ਜੱਸੜਾਂ, ਰੋਹਿਤ ਸ਼ਰਮਾ, ਅਮਰਿੰਦਰ ਮਾਕਨ, ਕੌਂਸਲਰ ਚਰਨਜੀਤ ਸਿੰਘ ਬਾਜਵਾ, ਕਮਲਜੀਤ ਸਿੰਘ ਬਾਜਵਾ, ਪੂਨਮ ਗੋਸਾਈਾ, ਸੰਦੀਪ ਸ਼ਰਮਾ ਸਿੱਪੀ, ਹਨੂਮੰਤ ਸ਼ਰਮਾ, ਡਿੰਪਲ ਸ਼ਰਮਾ ਸਮੇਤ ਹੋਰ ਆਗੂਆਂ ਨੇ ਸਖ਼ਤ ਇਤਰਾਜ਼ ਜਿਤਾਇਆ ਕਿ ਨਵੀਂ ਵਾਰਡ ਹੱਦਬੰਦੀ ਨੇ ਉਨ੍ਹਾਂ ਦੇ ਏਰੀਏ ਵਿਚ ਜਾਣਬੁੱਝ ਕੇ ਵਾਰਡਾਂ ਨਾਲ ਛੇੜਛਾੜ ਕਰਕੇ ਇਲਾਕੇ ਤਬਦੀਲ ਕਰ ਦਿੱਤੇ ਗਏ ਹਨ, ਜਿਨ੍ਹਾਂ ਇਲਾਕਿਆਂ ਵਿਚ ਉਹ ਲੰਮੇ ਸਮੇਂ ਤੋਂ ਸਰਗਰਮੀ ਨਾਲ ਲੋਕਾਂ ਦੀ ਸੇਵਾ ਕਰ ਰਹੇ ਸਨ | ਉਨ੍ਹਾਂ ਚੇਤਾਵਨੀ ਦਿੱਤੀ ਕਿ ਮਨਮਾਨੀ ਦੀ ਵਾਰਡਬੰਦੀ ਕੀਤੀ ਗਈ ਤਾਂ ਉਹ ਇਸ ਦੇ ਵਿਰੁੱਧ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ, ਕਿਉਂਕਿ ਇਸ ਵਾਰਡਬੰਦੀ ਨਾਲ ਨਾ ਸਿਰਫ਼ ਚੋਣਾਂ ਲੜਨ ਵਾਲਿਆਂ ਨਾਲ ਬੇਇਨਸਾਫ਼ੀ ਹੋਈ ਹੈ, ਸਗੋਂ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਵੀ ਵਾਧਾ ਹੋਵੇਗਾ | ਹੈਰਾਨੀ ਦੀ ਗੱਲ ਹੈ ਕਿ ਨਗਰ ਕੌਂਸਲ ਦੇ ਲਗਪਗ 12 ਕੌਂਸਲਰਾਂ ਨੇ ਆਪਣੇ ਦਸਤਖ਼ਤਾਂ ਵਾਲਾ ਇਕ ਲਿਖਤੀ ਪੱਤਰ ਸੌਂਪ ਕੇ ਇਸ ਵਾਰਡ ਹੱਦਬੰਦੀ ਨੂੰ ਰਸਮੀ ਤੌਰ 'ਤੇ ਚਣੌਤੀ ਦਿੱਤੀ ਹੈ | ਇਸ ਬਾਰੇ ਜਦੋਂ ਨਗਰ ਕੌਂਸਲ ਸੁਪਰਡੈਂਟ ਕਿਰਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਾਰਡਬੰਦੀ ਦੇ ਨਕਸ਼ੇ 'ਤੇ ਕਿਸੇ ਵੀ ਵਿਅਕਤੀ ਨੂੰ ਆਪਣਾ ਇਤਰਾਜ਼ ਦਰਜ ਕਰਵਾਉਣ ਦਾ ਪੂਰਾ ਅਧਿਕਾਰ ਹੈ, ਜਿਸ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਵਾਰ ਕਾਂਗਰਸੀਆਂ ਨੇ ਸ਼ਹਿਰ ਦੀ ਵਾਰਡ ਬੰਦੀ ਵਿਗਾੜੀ ਸੀ, ਹੁਣ ਠੀਕ ਹੋਈ ਹੈ | ਇਹ ਗੱਲ ਅਕਾਲੀ ਦਲ ਦੇ ਸਾਬਕਾ ਕੌਂਸਲਰ ਹਰਮੀਤ ਸਿੰਘ ਖ਼ਾਲਸਾ ਨੇ ਕਹੀ | ਉਨ੍ਹਾਂ ਕਿਹਾ ਕਿ ਕਾਂਗਰਸੀ ਦੋ ਚਿਹਰੇ ਲਈ ਫਿਰਦੇ ਹਨ, ਆਪਣੀ ਸਰਕਾਰ ਵੇਲੇ ਜੋ ਸ਼ਹਿਰ ਦੇ ਵਾਰਡ ਆਪਣੇ ਚਹੇਤਿਆਂ ਨੂੰ ਖ਼ੁਸ਼ ਕਰਨ ਲਈ ਤੋੜ ਦਿੱਤੇ ਸੀ, ਇੱਥੋਂ ਤੱਕ ਇਕ ਇਕ ਮੁਹੱਲੇ 'ਚ 2 ਤੇ 3 ਵਾਰਡ ਬਣਾ ਦਿੱਤੇ ਸੀ, ਹੁਣ ਠੀਕ ਹੋਏ ਹਨ | ਕਾਂਗਰਸੀ ਬੇਮਤਲਬ ਦਾ ਡਰਾਮਾ ਕਰ ਰਹੇ ਹਨ, ਸਰਕਾਰ ਨੂੰ ਜਿਸ 'ਤੇ ਸੋਚਣ ਦੀ ਕੋਈ ਲੋੜ ਨਹੀਂ ਜੇਕਰ ਰਿਪੋਰਟ ਲੈਣੀ ਹੈ ਤਾਂ ਆਮ ਸ਼ਹਿਰਵਾਸੀਆਂ ਤੋਂ ਪੁੱਛੋ, ਜੋ ਕਾਂਗਰਸ ਵੇਲੇ ਹੋਈ ਗ਼ਲਤ ਵਾਰਡਬੰਦੀ ਕਰਕੇ ਪ੍ਰੇਸ਼ਾਨੀ ਦਾ 5 ਸਾਲ ਤੋਂ ਸਾਹਮਣਾ ਕਰ ਰਹੇ ਹਨ | ਕਾਂਗਰਸੀ ਵਿਧਾਇਕ ਨੇ ਕਥਿੱਤ ਧੱਕਾ ਕਰਕੇ ਆਪਣੇ ਉਮੀਦਵਾਰ ਵਾਰਡਬੰਦੀ ਬਦਲ ਕੇ ਹੀ ਜਿਤਾ ਲਏ ਸਨ | ਜੋ ਲੋਕ ਬਹੁਤ ਦੁਖੀ ਰਹੇ ਤੇ ਜੋ ਡਰਾਮਾ ਪਿਛਲੀ ਨਗਰ ਕੌਂਸਲ ਚੋਣਾਂ ਵੇਲੇ ਹੋਇਆ, ਉਹ ਸਾਰੇ ਸ਼ਹਿਰਵਾਸੀਆਂ ਨੂੰ ਯਾਦ ਹੈ |
ਪਿਛਲੀ ਖ਼ਬਰ ਸ਼ਹੀਦੀ ਸਭਾ ਦੌਰਾਨ ਆਪੋ-ਆਪਣੀ ਜ਼ਿੰਮੇਵਾਰੀ ਨਿਭਾਉਣ ਵਾਲੇ ਹਰ ਵਿਅਕਤੀ ਦਾ ਧੰਨਵਾਦ- ਵਿਧਾਇਕ ਰਾਏ, ਡੇਰਾ, ਜੱਲ੍ਹਾ ਅਗਲੀ ਖ਼ਬਰ ਸੰਗਤ ਦੇ ਸਹਿਯੋਗ ਬਿਨਾਂ ਸਮਾਜ ਸੇਵਾ ਸੰਭਵ ਨਹੀਂ- ਬਾਬਾ ਰਣਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।