28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਯੂਨੀਵਰਸਿਟੀ ਦੀ ਖੋਜ-ਪੱਤਰਿਕਾ 'ਦ ਜਰਨਲ ਆਫ਼ ਰਿਲੀਜਨ ਐਂਡ ਸਿੱਖ ਸਟੱਡੀਜ਼' ਨੇ ਵਿਸ਼ਵ ਅਕਾਦਮਿਕ ਜਗਤ 'ਚ ਬਣਾਈ ਵਿਲੱਖਣ ਪਛਾਣ

ਅਜੀਤ ਡੈਸਕ 10-12-2025
ਫ਼ਤਹਿਗੜ੍ਹ ਸਾਹਿਬ, 9 ਦਸੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਅੱਜ ਆਪਣੀ ਯੂ. ਜੀ. ਸੀ.-ਕੇਅਰ ਸੂਚੀਬੱਧ ਅੰਤਰਰਾਸ਼ਟਰੀ ਪੀਅਰ-ਰਿਵਿਊਡ ਖੋਜ-ਪੱਤਰਿਕਾ 'ਦ ਜਰਨਲ ਆਫ਼ ਰਿਲੀਜਨ ਐਂਡ ਸਿੱਖ ਸਟੱਡੀਜ਼' ਦਾ 2025 ਵਿਸ਼ੇਸ਼ ਅੰਕ ਜਾਰੀ ਕੀਤਾ | ਕੁਲਪਤੀ ਪ੍ਰੋ. ਪਰਿਤਪਾਲ ਸਿੰਘ ਨੇ ਮਾਣ ਜ਼ਾਹਿਰ ਕਰਦਿਆਂ ਕਿਹਾ ਕਿ ਸਾਡੀ ਯੂਨੀਵਰਸਿਟੀ ਦੀ ਇਹ ਪੱਤਰਿਕਾ ਅੰਤਰਰਾਸ਼ਟਰੀ ਅਕਾਦਮਿਕ ਜਗਤ ਵਿਚ ਇਕ ਵਿਲੱਖਣ ਤੇ ਸਤਿਕਾਰਤ ਪਛਾਣ ਬਣਾ ਚੁੱਕੀ ਹੈ | 2025 ਦਾ ਅੰਕ 'ਬਰਤਾਨਵੀ ਕਾਲ ਵਿਸ਼ੇਸ਼ ਅੰਕ' ਵਜੋਂ ਪ੍ਰਕਾਸ਼ਿਤ ਕੀਤਾ ਗਿਆ ਹੈ, ਜਿਸ ਵਿਚ ਬਰਤਾਨਵੀ ਸ਼ਾਸਨਕਾਲ ਦੇ ਧਾਰਮਿਕ, ਰਾਜਨੀਤਿਕ, ਭਾਸ਼ਾਈ, ਸੱਭਿਆਚਾਰਕ, ਸਮਾਜਿਕ, ਸਾਹਿਤਕ ਤੇ ਨਿਆਇਕ ਪੱਖਾਂ ਨੂੰ ਸਮੇਟਦੇ 15 ਉੱਚ-ਗੁਣਵੱਤਾ ਵਾਲੇ ਖੋਜ-ਲੇਖ ਸ਼ਾਮਿਲ ਹਨ | ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਦੱਸਿਆ ਕਿ ਬਰਤਾਨਵੀ ਕਾਲ ਦੀ ਡੂੰਘਾਈ ਨਾਲ ਖੋਜ ਲਈ ਇਹ ਹੁਣ ਤੱਕ ਇਹ ਚੌਥਾ ਵਿਸ਼ੇਸ਼ ਅੰਕ ਹੈ | ਇਸ ਵਿਚ ਪੰਜਾਬ, ਹੋਰ ਭਾਰਤੀ ਸੂਬਿਆਂ ਤੇ ਵਿਦੇਸ਼ਾਂ ਦੇ ਵਿਦਵਾਨਾਂ ਦੇ ਮਹੱਤਵਪੂਰਨ ਯੋਗਦਾਨ ਸ਼ਾਮਿਲ ਕੀਤੇ ਗਏ ਹਨ | ਪੱਤਰਿਕਾ ਦੇ ਮੁੱਖ ਸੰਪਾਦਕ ਤੇ ਡੀਨ (ਫੈਕਲਟੀ ਆਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀਜ਼) ਡਾ. ਹਰਦੇਵ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਹ ਪੱਤਰਿਕਾ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵਲੋਂ ਨਿਰਧਾਰਿਤ ਸਾਰੇ ਅੰਤਰਰਾਸ਼ਟਰੀ ਮਿਆਰਾਂ 'ਤੇ ਪੂਰੀ ਤਰ੍ਹਾਂ ਖਰੀ ਉੱਤਰਦੀ ਹੈ | ਇਸ ਦੇ ਸਲਾਹਕਾਰ ਬੋਰਡ ਤੇ ਪੀਅਰ-ਰਿਵਿਊ ਪੈਨਲ ਵਿਚ ਵਿਸ਼ਵ ਪੱਧਰ ਦੇ ਨਾਮਵਰ ਵਿਦਵਾਨ ਸ਼ਾਮਿਲ ਹਨ | ਇਕ ਦਹਾਕੇ ਤੋਂ ਨਿਰੰਤਰ ਪ੍ਰਕਾਸ਼ਿਤ ਹੋ ਰਹੀ ਇਸ ਪੱਤਰਿਕਾ ਦੇ ਸਾਰੇ ਲੇਖ ਯੂਨੀਵਰਸਿਟੀ ਵੈੱਬਸਾਈਟ ਤੋਂ ਮੁਫ਼ਤ ਪੜ੍ਹੇ ਤੇ ਡਾਊਨਲੋਡ ਕੀਤੇ ਜਾ ਸਕਦੇ ਹਨ | ਸਮਾਗਮ ਦੌਰਾਨ 2026 ਅੰਕ ਦਾ ਵਿਸ਼ਾ 'ਪੰਜਾਬ ਵੰਡ (1947), ਬਹੁ-ਪੱਖੀ ਵਿਸ਼ਲੇਸ਼ਣ' ਐਲਾਨਿਆ ਗਿਆ | ਵਿਦਵਾਨ ਆਪਣੇ ਮੌਲਿਕ ਖੋਜ-ਲੇਖ 31 ਮਾਰਚ 2026 ਤੱਕ ਭੇਜ ਸਕਦੇ ਹਨ | ਸਮਾਗਮ ਵਿਚ ਸੰਪਾਦਕੀ ਬੋਰਡ ਮੈਂਬਰ ਡਾ. ਸਿਕੰਦਰ ਸਿੰਘ ਡੀਨ, ਭਾਸ਼ਾ ਫੈਕਲਟੀ, ਡਾ. ਹਰਨੀਤ ਬਿਲਿੰਗ ਮੁਖੀ ਸਿੱਖਿਆ ਵਿਭਾਗ, ਡਾ. ਅੰਕਦੀਪ ਕੌਰ ਅਟਵਾਲ ਨਿਰਦੇਸ਼ਕ ਆਈ. ਕਿਊ. ਏ. ਸੀ. ਤੇ ਮੁਖੀ, ਅੰਗਰੇਜ਼ੀ ਵਿਭਾਗ, ਡਾ. ਨਵਸ਼ਗਨ ਦੀਪ ਕੌਰ ਮੁਖੀ ਸਮਾਜ-ਸ਼ਾਸਤਰ ਵਿਭਾਗ, ਡਾ. ਰਮਨਦੀਪ ਕੌਰ ਮੁਖੀ ਰਾਜਨੀਤੀ-ਸ਼ਾਸਤਰ ਵਿਭਾਗ ਅਤੇ ਡਾ. ਜਸਪ੍ਰੀਤ ਕੌਰ ਇੰਚਾਰਜ ਇਤਿਹਾਸ ਵਿਭਾਗ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਫ਼ਾਈ ਕਰਮਚਾਰੀਆਂ ਨੂੰ ਕੂੜੇ ਨੂੰ ਅੱਗ ਨਾ ਲਗਾਉਣ ਦੇ ਦਿੱਤੇ ਨਿਰਦੇਸ਼ ਅਗਲੀ ਖ਼ਬਰ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨੇ ਕਾਂਗਰਸ ਉਮੀਦਵਾਰਾਂ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।