ਫ਼ਤਹਿਗੜ੍ਹ ਸਾਹਿਬ, 8 ਦਸੰਬਰ (ਬਲਜਿੰਦਰ ਸਿੰਘ)-ਦਸਮਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿਚ ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇੇ 25 ਤੋਂ 27 ਦਸੰਬਰ ਤੱਕ ਭਰਨ ਵਾਲੀ ਸ਼ਹੀਦੀ ਸਭਾ ਦੇ ਪ੍ਰਬੰਧਾਂ ਦੀਆਂ ਚੱਲ ਰਹੀਆਂ ਤਿਆਰੀਆਂ ਬਾਰੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਬੱਚਤ ਭਵਨ ਵਿਖੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨਾਲ ਵਿਸਤਰਿਤ ਸਮੀਖਿਆ ਮੀਟਿੰਗ ਕੀਤੀ | ਮੀਟਿੰਗ ਦੌਰਾਨ ਡੀ. ਸੀ. ਨੇ ਸ਼ਹੀਦੀ ਸਭਾ ਦੌਰਾਨ 25, 26 ਅਤੇ 27 ਦਸੰਬਰ ਨੂੰ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤਾਦਾਦ ਵਿਚ ਆਉਣ ਵਾਲੀਆਂ ਸੰਗਤਾਂ ਲਈ ਹਰ ਸੁਵਿਧਾ ਨੂੰ ਸਮੇਂ ਸਿਰ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਬੀਤੇ ਐਤਵਾਰ ਵੀ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਭਾਰੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚੀਆਂ ਸਨ ਅਤੇ ਇਹ ਪੂਰੀ ਸੰਭਾਵਨਾ ਹੈ ਕਿ ਅਗਲੇ ਹਫ਼ਤੇ ਤੋਂ ਹੀ ਇਥੇ ਸ਼ਰਧਾਲੂਆਂ ਦੀ ਵੱਡੀ ਆਮਦ ਆਰੰਭ ਹੋ ਜਾਵੇ, ਇਸ ਲਈ ਪ੍ਰਸਾਸ਼ਨਿਕ ਤੇ ਪੁਲਿਸ ਦੇ ਪੱਧਰ 'ਤੇ ਹਰ ਪ੍ਰਬੰਧ ਯਕੀਨੀ ਬਣਾਇਆ ਜਾਣਾ ਬੇਹੱਦ ਜ਼ਰੂਰੀ ਹੈ | ਡਾ. ਸੋਨਾ ਥਿੰਦ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੁਰੱਖਿਆ ਪ੍ਰਬੰਧਾਂ, ਰੂਟ ਪਲਾਨ, ਆਵਾਜਾਈ ਵਿਵਸਥਾ ਅਤੇ ਵਾਧੂ ਪਾਰਕਿੰਗ ਸਥਾਨਾਂ ਦੀ ਚੋਣ ਦਾ ਕੰਮ ਪੂਰਾ ਕੀਤਾ ਜਾਵੇ | ਉਨ੍ਹਾਂ ਨੇ ਸੰਗਤਾਂ ਦੀ ਸੁਖਾਵੀਂ ਆਵਾਜਾਈ ਲਈ ਸ਼ਹਿਰ ਦੀਆਂ ਅੰਦਰੂਨੀ ਸੜਕਾਂ 'ਤੇ ਮੁਫ਼ਤ ਸ਼ਟਲ ਬੱਸਾਂ ਤੇ ਈ-ਰਿਕਸ਼ਾ ਲਗਾਉਣ ਦੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ | ਡਾ. ਥਿੰਦ ਨੇ ਲਿੰਕ ਸੜਕਾਂ, ਨੈਸ਼ਨਲ ਹਾਈਵੇ ਅਤੇ ਮੁੱਖ ਸੜਕਾਂ ਦੇ ਮੁਰੰਮਤ ਕਾਰਜਾਂ ਵਿਚ ਵਧੇਰੇ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ | ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦੇ ਪ੍ਰਬੰਧਾਂ ਹੇਠ ਲੱਗਣ ਵਾਲੀਆਂ ਨੁਮਾਇਸ਼ਾਂ ਤੇ ਸਰਕਾਰੀ ਵਿਭਾਗਾਂ ਦੇ ਸਟਾਲਾਂ, ਵੱਖ-ਵੱਖ ਕਾਰਜਾਂ ਦੇ ਨਿਰਵਿਘਨ ਪ੍ਰਬੰਧਨ ਲਈ ਗਠਿਤ ਕਮੇਟੀਆਂ ਜਿਵੇਂ ਸਭਾ ਕਮੇਟੀ, ਟ੍ਰੈਫ਼ਿਕ ਕਮੇਟੀ, ਸਿਹਤ ਕਮੇਟੀ, ਸਫ਼ਾਈ ਕਮੇਟੀ, ਪਾਣੀ ਪ੍ਰਬੰਧਨ ਕਮੇਟੀ, ਪ੍ਰਾਹੁਣਚਾਰੀ ਕਮੇਟੀ, ਲੈਂਡ ਸਕੇਪਿੰਗ ਤੇ ਬਿਊਟੀਫਿਕੇਸ਼ਨ ਕਮੇਟੀ, ਰਾਹਤ ਕਮੇਟੀ ਆਦਿ ਦੇ ਕਾਰਜਾਂ, 26 ਤੇ 27 ਦਸੰਬਰ ਨੂੰ ਆਮ ਖ਼ਾਸ ਬਾਗ਼ ਵਿਖੇ ਇਤਿਹਾਸਕ ਨਾਟਕ ਦੇ ਮੰਚਨ ਮੌਕੇ ਢੁਕਵੇਂ ਪ੍ਰਬੰਧਾਂ, ਗੁਰਦੁਆਰਾ ਸਾਹਿਬਾਨ ਦੇ ਆਲੇ ਦੁਆਲੇ ਨਿਯਮਤ ਸਫ਼ਾਈ, ਫਾਇਰ ਟੈਂਡਰ, ਆਰਜ਼ੀ ਟੁਆਇਲਟ, ਜਨ ਸਿਹਤ ਸੁਵਿਧਾਵਾਂ, ਡਿਸਪੈਂਸਰੀਆਂ ਦੀ ਸਥਾਪਨਾ, ਐਂਬੂਲੈਂਸਾਂ, ਆਰਜ਼ੀ ਮੈਡੀਕਲ ਕੈਂਪਾਂ, ਪੁੱਛਗਿੱਛ ਕੇਂਦਰਾਂ ਲਈ ਨੋਡਲ ਅਫ਼ਸਰਾਂ ਦੀ ਤਾਇਨਾਤੀ, ਚਾਰੇ ਦਾਖਲਾ ਗੇਟਾਂ ਦਾ ਨਵੀਨੀਕਰਨ ਆਦਿ ਬਾਰੇ ਵੀ ਹਦਾਇਤਾਂ ਦਿੱਤੀਆਂ | ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਹਦਾਇਤ ਕੀਤੀ ਗਈ ਕਿ ਕੋਈ ਵੀ ਅਧਿਕਾਰੀ ਅਗੇਤੀ ਪ੍ਰਵਾਨਗੀ ਤੋਂ ਬਿਨਾਂ ਛੁੱਟੀ ਨਹੀਂ ਲਵੇਗਾ ਅਤੇ ਆਪਸੀ ਸਹਿਯੋਗ ਤੇ ਸ਼ਰਧਾ ਭਾਵਨਾ ਨਾਲ ਸ਼ਹੀਦੀ ਸਭਾ ਦੇ ਸਮੁੱਚੇ ਪ੍ਰਬੰਧਾਂ ਨੂੰ ਨੇਪਰੇ ਚੜ੍ਹਾਇਆ ਜਾਵੇ | ਉਨ੍ਹਾਂ ਨੇ ਤਿੰਨ ਆਰਜ਼ੀ ਬੱਸ ਸਟੈਂਡ ਬਣਾਉਣ, ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਏ ਰੱਖਣ, ਲਾਊਡ ਸਪੀਕਰਾਂ 'ਤੇ ਪਾਬੰਦੀ ਨੂੰ ਯਕੀਨੀ ਬਣਾਉਣ, ਸੁਰੱਖਿਆ ਕਰਮੀਆਂ ਦੇ ਠਹਿਰਾਓ ਦਾ ਢੁਕਵਾਂ ਪ੍ਰਬੰਧ ਕਰਨ, ਮੋਬਾਈਲ ਟਾਵਰਾਂ ਦੀ ਸਮਰੱਥਾ ਵਧਾਉਣ, ਰੈਣ ਬਸੇਰਿਆਂ ਵਿਚ ਪ੍ਰਬੰਧ ਯਕੀਨੀ ਬਣਾਉਣ ਆਦਿ ਹੋਰ ਦਿਸ਼ਾ ਨਿਰਦੇਸ਼ ਦਿੱਤੇ | ਇਸ ਮੌਕੇ ਏ.ਡੀ.ਸੀ. ਪੂਜਾ ਸਿਆਲ ਗਰੇਵਾਲ, ਐੱਸ.ਪੀ. (ਡੀ) ਰਾਕੇਸ਼ ਕੁਮਾਰ ਯਾਦਵ, ਐੱਸ.ਡੀ.ਐੱਮ. ਫ਼ਤਹਿਗੜ੍ਹ ਸਾਹਿਬ ਸੂਬਾ ਸਿੰਘ, ਐੱਸ.ਡੀ.ਐੱਮ. ਬਸੀ ਪਠਾਣਾ ਹਰਵੀਰ ਕੌਰ, ਮੁੱਖ ਮੰਤਰੀ ਫ਼ੀਲਡ ਅਫ਼ਸਰ ਸ਼ੰਕਰ ਸ਼ਰਮਾ, ਮੈਨੇਜਰ ਗੁਰਦੁਆਰਾ ਸਾਹਿਬ ਗੁਰਦੀਪ ਸਿੰਘ ਕੰਗ, ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਸਮੇਤ ਸਮੂਹ ਵਿਭਾਗਾਂ ਦੇ ਮੁਖੀ ਤੇ ਐਕਸੀਅਨ ਵੀ ਹਾਜ਼ਰ ਸਨ |