ਫ਼ਤਹਿਗੜ੍ਹ ਸਾਹਿਬ, 8 ਦਸੰਬਰ (ਬਲਜਿੰਦਰ ਸਿੰਘ)-ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿਲ-2025 ਦੇ ਵਿਰੋਧ ਵਿਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ ਦੀ ਅਗਵਾਈ ਹੇਠ ਕਿਸਾਨਾਂ ਦੁਆਰਾ ਬਿਜਲੀ ਬੋਰਡ ਦਫ਼ਤਰ ਸਰਹਿੰਦ ਦੇ ਬਾਹਰ ਬਿਜਲੀ ਸੋਧ ਬਿਲ ਦੀਆਂ ਕਾਪੀਆਂ ਸਾੜੀਆਂ ਗਈਆਂ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਭੱਲਮਾਜਰਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਘੋਖ ਅਨੁਸਾਰ ਇਹ ਬਿੱਲ ਦੇਸ਼ ਦੇ ਹਰੇਕ ਖਪਤਕਾਰ ਦਾ ਨੁਕਸਾਨ ਕਰੇਗਾ ਉੱਥੇ ਹੀ ਮੁਲਾਜ਼ਮਾਂ ਦਾ ਵੀ ਨੁਕਸਾਨ ਹੋਵੇਗਾ, ਜਿਸ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਨੇ ਅੰਦੋਲਨ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਪਹਿਲੇ ਪੜਾਅ ਵਜੋਂ ਅੱਜ ਬਿੱਲ ਦੀਆਂ ਕਾਪੀਆਂ ਸਾੜੀਆਂ ਗਈਆਂ ਹਨ | ਇਸ ਮੌਕੇ ਯੂਨੀਅਨ ਦੇ ਸੂਬਾ ਖ਼ਜ਼ਾਨਚੀ ਰਣਜੀਤ ਸਿੰਘ ਚਨਾਰਥਲ ਨੇ ਕਿਹਾ ਜੋ ਕੇਂਦਰ ਸਰਕਾਰ ਬਿਜਲੀ ਬਿੱਲ 2025 ਲੈ ਕੇ ਆ ਰਹੀ ਹੈ, ਉਹ ਬਿੱਲ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਚਰਚਾ ਕਰਨ ਲਈ ਭੇਜਿਆ ਹੈ, ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਸੈਸ਼ਨ ਬੁਲਾ ਕੇ ਇਸ ਬਿੱਲ ਨੂੰ ਰੱਦ ਕਰੇ ਅਤੇ ਮਤਾ ਪਾਸ ਕੀਤਾ ਜਾਵੇ ਕਿ ਜੇਕਰ ਕੇਂਦਰ ਸਰਕਾਰ ਬਿਜਲੀ ਬਿੱਲ ਵਾਪਸ ਨਹੀਂ ਲੈਂਦੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਪ੍ਰਦਰਸ਼ਨਕਾਰੀਆਂ 'ਚ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਾਨੂੰਪੁਰ, ਗੁਰਜੀਤ ਸਿੰਘ ਬਾਠ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਨੌਲੱਖਾ, ਜਨਰਲ ਸਕੱਤਰ ਜਸਵੀਰ ਸਿੰਘ ਚਨਾਰਥਲ, ਬਲਦੀਪ ਸਿੰਘ ਬਧੌਛੀ, ਜਸਪਾਲ ਸਿੰਘ ਲਟੌਰ, ਜਸਵੀਰ ਸਿੰਘ ਭੱਦਲਥੂਹਾ, ਗਿਆਨ ਸਿੰਘ, ਲਖਵੀਰ ਸਿੰਘ ਗੋਲੂ, ਨਾਜ਼ਰ ਸਿੰਘ ਰੁੜਕੀ, ਗੁਰਜੀਤ ਸਿੰਘ ਧਤੌਂਦਾ, ਰਣਜੀਤ ਸਿੰਘ ਬਧੌਛੀ, ਦਰਸ਼ਨ ਸਿੰਘ, ਨਿਰਮਲ ਸਿੰਘ ਰੁੜਕੀ ਤੇ ਹੋਰ ਹਾਜ਼ਰ ਸਨ |