ਅਮਲੋਹ, 4 ਦਸੰਬਰ (ਅੰਮਿ੍ਤ ਸਿੰਘ ਸ਼ੇਰਗਿੱਲ)-ਪੰਚਾਇਤ ਸੰਮਤੀ ਬਲਾਕ ਅਮਲੋਹ 'ਚ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅੱਜ ਅੰਤਿਮ ਦਿਨ 90 ਉਮੀਦਵਾਰਾਂ ਵਲੋਂ ਕਾਗ਼ਜ਼ ਦਾਖ਼ਲ ਕੀਤੇ ਗਏ, ਜਿਸ ਨਾਲ ਹੁਣ ਕੁਲ 91 ਉਮੀਦਵਾਰ ਚੋਣ ਲੜਨ ਲਈ ਮੈਦਾਨ ਵਿਚ ਨਿੱਤਰੇ ਹਨ | ਇਹ ਜਾਣਕਾਰੀ ਰਿਟਰਨਿੰਗ ਅਫ਼ਸਰ ਤੇ ਉਪ ਮੰਡਲ ਮੈਜਿਸਟਰੇਟ ਅਮਲੋਹ ਚੇਤਨ ਬੰਗੜ ਵਲੋਂ ਦਿੱਤੀ ਗਈ | ਉਪ ਮੰਡਲ ਮੈਜਿਸਟ੍ਰੇਟ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਬਲਾਕ ਅਮਲੋਹ ਵਿਚ ਪੰਚਾਇਤ ਸੰਮਤੀ ਦੇ ਕੁੱਲ 17 ਜ਼ੋਨ ਹਨ ਜਿਨ੍ਹਾਂ 'ਚੋਂ ਸਭ ਤੋਂ ਵੱਧ ਨਾਮਜ਼ਦਗੀਆਂ ਕੁਲ 7 ਡਡਹੇੜੀ (ਅਨੁਸੂਚਿਤ ਜਾਤੀ) ਜ਼ੋਨ ਤੋਂ ਪ੍ਰਾਪਤ ਹੋਈਆਂ ਹਨ | ਦੂਜੇ ਨੰਬਰ ਤੇ 6 ਨਾਮਜ਼ਦਗੀਆਂ ਪ੍ਰਾਪਤ ਕਰਨ ਵਾਲੇ ਜ਼ੋਨਾਂ 'ਚ ਕੁੰਭ (ਜਨਰਲ), ਬਦੀਨਪੁਰ (ਅਨੁਸੂਚਿਤ ਜਾਤੀ), ਸੌਂਟੀ (ਅਨੁਸੂਚਿਤ ਜਾਤੀ ਇਸਤਰੀ), ਝੰਬਾਲਾ (ਜਨਰਲ), ਭੱਟੋ (ਜਨਰਲ), ਘੁਟੀਂਡ (ਇਸਤਰੀ), ਭਰਪੂਰਗੜ੍ਹ (ਅਨੁਸੂਚਿਤ ਜਾਤੀ) ਅਤੇ ਪਹੇੜੀ (ਇਸਤਰੀ) ਸ਼ਾਮਿਲ ਹਨ | ਸਭ ਤੋਂ ਘੱਟ ਨਾਮਜ਼ਦਗੀਆਂ ਖਨਿਆਣ (ਇਸਤਰੀ) ਜ਼ੋਨ ਤੋਂ ਦਾਖਲ ਹੋਈਆਂ ਹਨ ਇਥੇ ਸਿਰਫ਼ ਤਿੰਨ ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕੀਤੇ | ਮਿਲੀ ਜਾਣਕਾਰੀ ਅਨੁਸਾਰ ਫ਼ਤਹਿਗੜ੍ਹ ਨਿਊਆਂ (ਜਨਰਲ) ਜ਼ੋਨ ਵਿਚ ਕੁਲ 4 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ ਜਦਕਿ ਮਛਰਾਏ ਖ਼ੁਰਦ (ਇਸਤਰੀ) ਵਿਚ 4, ਸਲਾਣੀ (ਅਨੁਸੂਚਿਤ ਜਾਤੀ) 'ਚ 5, ਭੱਦਲਥੂਹਾ (ਅਨੁਸੂਚਿਤ ਜਾਤੀ ਇਸਤਰੀ) ਵਿਚ 5, ਸਲਾਣਾ ਜੀਵਨ ਸਿੰਘ ਵਾਲਾ (ਇਸਤਰੀ) ਵਿਚ 5, ਸਮਸਪੁਰ (ਜਨਰਲ) ਵਿਚ 5 ਅਤੇ ਬੈਣੀ ਜ਼ੇਰ (ਅਨੁਸੂਚਿਤ ਜਾਤੀ ਇਸਤਰੀ) ਵਿਚ 5 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ |