ਫ਼ਤਹਿਗੜ੍ਹ ਸਾਹਿਬ, 4 ਦਸੰਬਰ (ਬਲਜਿੰਦਰ ਸਿੰਘ)-ਪੰਜਾਬ ਰਾਜ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੋਣ ਅਬਜ਼ਰਵਰ ਜਗਜੀਤ ਸਿੰਘ ਵਲੋਂ ਵੱਖ-ਵੱਖ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਦਾ ਅਚਨਚੇਤ ਦੌਰਾ ਕਰਕੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੀ ਚੱਲ ਰਹੀ ਪ੍ਰਕਿਰਿਆ ਦਾ ਨਿਰੀਖਣ ਕੀਤਾ | ਚੋਣ ਅਬਜ਼ਰਵਰ ਜਗਜੀਤ ਸਿੰਘ ਨੇ ਇਸ ਦੌਰਾਨ ਸਮੁੱਚੀ ਪ੍ਰਕਿਰਿਆ ਦਾ ਬਰੀਕੀ ਨਾਲ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਸਮੁੱਚੇ ਚੋਣ ਅਮਲ ਦੌਰਾਨ ਪਾਰਦਰਸ਼ਤਾ ਤੇ ਨਿਰਪੱਖਤਾ ਯਕੀਨੀ ਬਣਾਉਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ | ਅਬਜ਼ਰਵਰ ਨੇ ਨਾਮਜ਼ਦਗੀ ਪੱਤਰ ਪ੍ਰਾਪਤ ਕਰਨ, ਜਾਂਚ ਕਰਨ ਤੇ ਦਾਖਲ ਕਰਨ ਦੀ ਸਮੁੱਚੀ ਕਾਰਵਾਈ ਦਾ ਨਿਰੀਖਣ ਕੀਤਾ | ਉਨ੍ਹਾਂ ਦਫ਼ਤਰ ਦੇ ਅੰਦਰ ਤੇ ਬਾਹਰ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਮੁਆਇਨਾ ਕੀਤਾ ਅਤੇ ਹਦਾਇਤ ਕੀਤੀ ਕਿ ਕੋਈ ਵੀ ਅਣ-ਅਧਿਕਾਰਤ ਵਿਅਕਤੀ, ਪ੍ਰਕਿਰਿਆ ਵਿਚ ਵਿਘਨ ਨਾ ਪਾ ਸਕੇ | ਚੋਣ ਅਬਜ਼ਰਵਰ ਨੇ ਰਿਟਰਨਿੰਗ ਅਫ਼ਸਰਾਂ ਤੋਂ ਦਾਖਲ ਹੋਏ ਫਾਰਮਾਂ ਦੇ ਰਿਕਾਰਡ, ਸਹੀ ਇੰਦਰਾਜ਼ ਤੇ ਦਸਤਾਵੇਜ਼ਾਂ ਦੀ ਤਸਦੀਕ ਬਾਰੇ ਜਾਣਕਾਰੀ ਲਈ | ਇਸ ਦੌਰਾਨ, ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਗਈ | ਨਿਰੀਖਣ ਤੋਂ ਬਾਅਦ, ਚੋਣ ਅਬਜ਼ਰਵਰ ਨੇ ਕਿਹਾ ਕਿ ਅਧਿਕਾਰੀ ਚੋਣ ਜ਼ਾਬਤੇ ਦੀ ਪਾਲਣਾ ਕਰਦਿਆਂ ਪੂਰੀ ਤਨਦੇਹੀ ਨਾਲ ਕੰਮ ਕਰਨ | ਉਨ੍ਹਾਂ ਕਿਹਾ ਕਿ ਲੋਕਤੰਤਰੀ ਪ੍ਰਕਿਰਿਆ ਦੀ ਪਵਿੱਤਰਤਾ ਬਣਾਈ ਰੱਖਣ ਲਈ ਸਾਰੇ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ | ਇਸ ਦੌਰਾਨ ਉਨ੍ਹਾਂ ਨੇ ਚੋਣ ਅਮਲੇ ਨੂੰ ਸਿਖਲਾਈ ਦੇਣ ਲਈ ਕਰਵਾਈਆਂ ਜਾਣ ਵਾਲੀਆਂ ਚੋਣ ਰਿਹਰਸਲਾਂ ਦੀ ਤਿਆਰੀ ਅਤੇ ਹੋਰ ਜ਼ਰੂਰੀ ਪ੍ਰਬੰਧਾਂ ਨੂੰ ਵੀ ਦੇਖਿਆ | ਜ਼ਿਕਰਯੋਗ ਹੈ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਅੱਜ ਆਖ਼ਰੀ ਮਿਤੀ ਸੀ ਤੇ ਇਸ ਤੋਂ ਬਾਅਦ 5 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਜਦ ਕਿ 6 ਦਸੰਬਰ ਤੱਕ ਉਮੀਦਵਾਰਾਂ ਵਲੋਂ ਕਾਗ਼ਜ਼ ਵਾਪਸ ਲਏ ਜਾ ਸਕਣਗੇ |