ਫ਼ਤਹਿਗੜ੍ਹ ਸਾਹਿਬ, 4 ਦਸੰਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ 5 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਧੁਰੰਧਰ 'ਤੇ ਪੰਜਾਬ ਦੇ ਸਿਨੇਮਾਘਰਾਂ 'ਚ ਪਾਬੰਦੀ ਲਗਾਉਣ ਅਤੇ ਸਹੀ ਕਿਰਦਾਰ ਨੂੰ ਪੇਸ਼ ਕਰਨ ਵਾਲੀ ਪੰਜਾਬ 95 ਫ਼ਿਲਮ ਨੂੰ ਤੁਰੰਤ ਰਿਲੀਜ਼ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੇ ਨਾਂਅ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪੀ.ਏ.ਸੀ ਮੈਂਬਰ ਧਰਮ ਸਿੰਘ ਕਲੌੜ ਅਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਬਡਲਾ ਨੇ ਕਿਹਾ ਕਿ ਫ਼ਿਲਮ ਇੰਡਸਟਰੀ ਵਲੋਂ 5 ਦਸੰਬਰ ਨੂੰ ਰਿਲੀਜ਼ ਕੀਤੀ ਜਾ ਰਹੀ ਫ਼ਿਲਮ ਧੁਰੰਧਰ ਵਿਚ ਜਾਬਰ ਔਰੰਗਜ਼ੇਬ ਦੇ ਕਿਰਦਾਰ ਨੂੰ ਉਭਾਰਦੇ ਹੋਏ ਭਾਰਤੀ ਹਕੂਮਤ ਵਿਚ ਬਤੌਰ ਸੁਰੱਖਿਆ ਸਲਾਹਕਾਰ ਦੇ ਕੰਮ ਕਰਨ ਵਾਲੇ ਅਜੀਤ ਡੋਵਾਲ ਦੁਆਰਾ ਉਸ ਕਿਰਦਾਰ ਨੂੰ ਉਭਾਰਿਆ ਗਿਆ ਹੈ ਜਿਸ ਵਿਚ ਆਮ ਨਾਗਰਿਕਾਂ 'ਤੇ ਜਬਰ ਜ਼ੁਲਮ ਢਾਹੁਣ ਵਾਲੇ ਦੀ ਪਿੱਠ ਥਾਪੜੀ ਗਈ ਹੈ | ਆਗੂਆਂ ਨੇ ਦੋਸ਼ ਲਗਾਇਆ ਕਿ ਅਜੀਤ ਡੋਵਾਲ ਹੀ ਬੀਤੇ ਸਮੇਂ ਵਿਚ ਪੰਜਾਬ ਅੰਦਰ ਹੋਏ ਸਿੱਖ ਕਤਲੇਆਮ, ਜਬਰ, ਜ਼ੁਲਮ ਤੇ ਝੂਠੇ ਪੁਲਿਸ ਮੁਕਾਬਲਿਆਂ ਲਈ ਜ਼ਿੰਮੇਵਾਰ ਹਨ | ਇਹ ਫ਼ਿਲਮ ਵੀ ਸਿੱਖਾਂ ਦੀਆਂ ਭਾਵਨਾਵਾਂ ਦੇ ਉਲਟ ਗੈਂਗਸਟਰ ਤੇ ਸਮਗਲਰਾਂ ਸਮੇਤ ਪੰਜਾਬ ਦੇ ਅਮਨਮਈ ਮਾਹੌਲ ਨੂੰ ਲਾਂਭੂ ਲਾਉਣ ਵਾਲੇ ਸਿੱਖ ਵਿਰੋਧੀ ਅਨਸਰਾਂ ਨੂੰ ਉਤਸ਼ਾਹਿਤ ਕਰਨ ਵਾਲੀ ਹੈ | ਆਗੂਆਂ ਨੇ ਕਿਹਾ ਕਿ ਉਸ ਮਨੁੱਖਤਾ ਵਿਰੋਧੀ ਕਿਰਦਾਰ ਨੂੰ ਉਭਾਰਨ ਵਾਲੀ ਫ਼ਿਲਮ ਧੁਰੰਧਰ 'ਤੇ ਪੰਜਾਬ 'ਚ ਤੁਰੰਤ ਪਾਬੰਦੀ ਲਗਾਉਣੀ ਚਾਹੀਦੀ ਹੈ | ਇਸ ਦੇ ਨਾਲ ਹੀ ਜਸਵੰਤ ਸਿੰਘ ਖਾਲੜਾ ਦੇ ਮਨੁੱਖੀ ਹੱਕਾਂ ਦੇ ਰਖਵਾਲੀ ਵਾਲੇ ਕਿਰਦਾਰ ਪੰਜਾਬ 95 ਫ਼ਿਲਮ ਨੂੰ ਤੁਰੰਤ ਰਿਲੀਜ਼ ਕੀਤਾ ਜਾਵੇ | ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕੌਮ ਤੇ ਸੂਬੇ ਪ੍ਰਤੀ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਫ਼ਿਲਮ ਧੁਰੰਧਰ 'ਤੇ ਪੰਜਾਬ 'ਚ ਤੁਰੰਤ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕਰਨ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਬਡਲਾ, ਧਰਮ ਸਿੰਘ ਕਲੌੜ ਮੈਂਬਰ ਪੀ.ਏ.ਸੀ, ਗੁਰਪ੍ਰੀਤ ਸਿੰਘ ਝਾਂਮਪੁਰ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਮਹਿੰਦਰ ਸਿੰਘ ਮਨੈਲੀ, ਜਰਨੈਲ ਸਿੰਘ, ਪਵਨਪ੍ਰੀਤ ਸਿੰਘ, ਕਰਨੈਲ ਸਿੰਘ, ਤਰਨਜੀਤ ਸਿੰਘ ਹਿੰਦੂਪੁਰ, ਤੇਜਪਾਲ ਖਾਨ, ਗੁਰਮੇਲ ਸਿੰਘ ਰਾਮਦਾਸ ਨਗਰ, ਪ੍ਰੀਤਮ ਸਿੰਘ, ਭੁਪਿੰਦਰ ਸਿੰਘ ਫਤਿਹਪੁਰ, ਹਰਮਲ ਸਿੰਘ, ਗੁਰਮੀਤ ਸਿੰਘ, ਸੂਬੇਦਾਰ ਸ਼ਿਵਦੇਵ ਸਿੰਘ, ਸੁਖਦੇਵ ਸਿੰਘ ਅਮਰਗੜ੍ਹ ਵੀ ਹਾਜ਼ਰ ਸਨ |