ਜਾਡਲਾ, 9 ਦਸੰਬਰ (ਸੁਰਿੰਦਰ ਦੁੱਗਲ)-ਨਵਾਂਸ਼ਹਿਰ-ਚੰਡੀਗੜ੍ਹ ਮਾਰਗ 'ਤੇ ਸਥਿਤ ਪਿੰਡ ਨਾਈ ਮਜਾਰਾ ਵਿਖੇ ਔਜਲਾ ਢਾਬਾ ਅੱਗੇ ਤੜਕੇ ਸਵੇਰੇ 5 ਵਜੇ ਦੇ ਕਰੀਬ ਇੱਕ ਨਿੱਜੀ ਕੰਪਨੀ ਦੀ ਟੂਰਿਸਟ ਬੱਸ ਦੇ ਅੱਗੇ ਬਾਰਾਂਸਿੰਗਾ ਆਉਣ ਕਰਕੇ ਬੱਸ ਪਲਟ ਗਈ | ਜਿਸ ਕਾਰਨ ਦਰਜਨ ਦੇ ਕਰੀਬ ਸਵਾਰੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਨੰਬਰ ਐਮ.ਪੀ 44 ਜੈਡ.ਈ 7877 ਜੈਪੁਰ ਤੋਂ ਜੰਮੂ ਜਾ ਰਹੀ ਸੀ | ਜਦੋਂ ਬੱਸ ਉਕਤ ਸਥਾਨ 'ਤੇ ਪਹੁੰਚੀ ਤਾਂ ਬੱਸ ਦੇ ਅੱਗੇ ਇਕਦਮ ਬਾਰਾਂਸਿੰਗਾ ਆ ਗਿਆ | ਜਿਸਨੂੰ ਬਚਾਉਣ ਲਈ ਡਰਾਈਵਰ ਨੇ ਅਚਾਨਕ ਬਰੇਕ ਮਾਰੀ ਤੇ ਬਸ ਸੜਕ ਦੇ ਵਿਚਕਾਰ ਹੀ ਪਲਟ ਗਈ | ਜਾਣਕਾਰੀ ਅਨੁਸਾਰ ਬਸ ਵਿਚ ਕਰੀਬ 30 ਦੇ ਕਰੀਬ ਸਵਾਰੀਆਂ ਸਨ | ਜਿਨ੍ਹਾਂ ਵਿਚੋਂ ਦਰਜਨ ਦੇ ਕਰੀਬ ਸਵਾਰੀਆਂ ਦੇ ਸੱਟਾਂ ਲੱਗੀਆਂ | ਪੁਲਿਸ ਵਲੋਂ ਬੱਸ ਨੂੰ ਰਸਤੇ ਵਿਚੋਂ ਹਟਾਇਆ ਗਿਆ ਤੇ ਜ਼ਖ਼ਮੀਆਂ ਨੂੰ ਪੁਲਿਸ ਦੀ ਸਹਾਇਤਾ ਨਾਲ ਸਰਕਾਰੀ ਹਸਪਤਾਲ ਨਵਾਂਸ਼ਹਿਰ ਵਿਖੇ ਦਾਖਲ ਕਰਵਾਇਆ ਗਿਆ | ਜਿੱਥੋਂ ਇਲਾਜ ਉਪਰੰਤ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ |