ਬਲਾਚੌਰ, 8 ਦਸੰਬਰ (ਨਰੇਸ਼ ਧੌਲ)-ਚੋਣਾਂ ਦੌਰਾਨ ਆਪ ਦੇ ਉਮੀਦਵਾਰਾਂ ਵੱਲੋਂ ਸ਼ਾਨਦਾਰ ਜਿੱਤਾਂ ਦਰਜ ਕਰਵਾਈਆਂ ਜਾਣਗੀਆਂ | ਇਹ ਪ੍ਰਗਟਾਵਾ ਸੀਨੀਅਰ ਆਪ ਆਗੂ ਸੇਵਾ ਮੁਕਤ ਬਿ੍ਗੇਡੀਅਰ ਰਾਜ ਕੁਮਾਰ ਨੇ ਚੋਣਾਂ ਸਬੰਧੀ ਗੱਲ ਕਰਦਿਆਂ ਹੋਇਆਂ ਕੀਤਾ | ਉਨ੍ਹਾਂ ਕਿਹਾ ਕਿ ਬੀਤੇ ਦਿਨ ਪੰਚਾਇਤ ਸੰਮਤੀ ਜੋਨ ਭੱਦੀ ਤੋਂ ਬੀਬੀ ਚੀਨੂ ਰਾਣੀ ਪਤਨੀ ਮਨਪ੍ਰੀਤ ਚੌਧਰੀ ਪਿੰਡ ਬੂੰਗੜੀ ਵੱਲੋਂ ਨਿਰਵਿਰੋਧ ਚੁਣੇ ਜਾਣ ਤੋਂ ਇਹ ਸ਼ੁੱਭ ਸੰਕੇਤ ਮਿਲ ਰਿਹਾ ਹੈ ਕਿ ਚੋਣਾਂ ਦੌਰਾਨ ਵੀ ਇਲਾਕਾ ਵਾਸੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀਆਂ ਜਿੱਤਾਂ ਦਿਵਾਉਣਗੇ | ਉਨ੍ਹਾਂ ਕਿਹਾ ਕਿ ਮੌਜੂਦਾ ਆਪ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਦਕਾ ਇਲਾਕਾ ਵਾਸੀ ਆਮ ਆਦਮੀ ਪਾਰਟੀ ਨੂੰ ਪਿੰਡਾਂ ਵਿੱਚ ਵੱਡਾ ਸਹਿਯੋਗ ਦੇ ਰਹੇ ਹਨ ਜਿਸ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਜਿੱਥੇ ਹਲਕੇ ਦੇ ਲੋਕ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਆਪ ਦੇ ਉਮੀਦਵਾਰਾਂ ਨੂੰ ਵੱਡਾ ਸਮਰਥਨ ਦੇਣਗੇ ਉੱਥੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਪੂਰਾ ਸਹਿਯੋਗ ਦੇ ਕੇ ਪੰਜਾਬ ਅੰਦਰ ਦੁਬਾਰਾ ਸਰਕਾਰ ਬਣਾਉਣਗੇ |