ਕਾਠਗੜ੍ਹ/ਰੱਤੇਵਾਲ, 21 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ, ਅਸ਼ੋਕ ਕੁਮਾਰ ਲੀਲ)-ਰੋਪੜ-ਬਲਾਚੌਰ ਨੈਸ਼ਨਲ ਹਾਈਵੇ ਨੇੜੇ ਟੌਂਸਾ ਅੱਡੇ ਦੇ ਕੋਲ ਬੇਸਹਾਰਾ ਪਸ਼ੂ ਤੇ ਆਟੋ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਐਸ. ਐਸ. ਐਫ. ਟੀਮ ਦੇ ਇੰਚਾਰਜ ਏ. ਐਸ. ਐਸ. ਆਈ. ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਆਸਰੋਂ ਚੌਕੀ ਤੋਂ ਸੂਚਨਾ ਪ੍ਰਾਪਤ ਹੋਈ ਕਿ ਮੈਕਸ ਇੰਡੀਆ ਫੈਕਟਰੀ ਕੋਲ ਸਰਵਿਸ ਰੋਡ 'ਤੇ ਐਕਸੀਡੈਂਟ ਹੋਇਆ ਹੈ ਉਹ ਹਾਦਸੇ ਦੀ ਸੂਚਨਾ ਮਿਲਦੇ ਹੀ ਤੁਰੰਤ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚ ਕੇ ਦੇਖਿਆ ਕਿ ਇਕ ਆਟੋ ਜਿਸ ਦਾ ਨੰਬਰ ਪੀ. ਬੀ 65 ਏ. ਆਰ 7703 ਜੋ ਕਿ ਟੌਂਸਾ ਤੋਂ ਰੋਪੜ ਵੱਲ ਨੂੰ ਜਾ ਰਿਹਾ ਸੀ, ਜਦੋਂ ਉਹ ਉਪਰੋਕਤ ਸਥਾਨ 'ਤੇ ਪਹੁੰਚਿਆ ਤਾਂ ਆਟੋ ਦੀ ਟੱਕਰ ਇਕ ਬੇਸਹਾਰਾ ਪਸ਼ੂ ਨਾਲ ਹੋ ਗਈ | ਟੱਕਰ ਬੜੀ ਭਿਆਨਕ ਸੀ ਤੇ ਆਟੋ 'ਚ ਸਵਾਰ ਇਕ ਵਿਅਕਤੀ ਜਿਸ ਦਾ ਨਾਂਅ ਕਨਵਰ ਸਿੰਘ ਜੋ ਕਿ ਸ਼੍ਰੀਆਸ਼ ਪੇਪਰ ਮਿੱਲ ਤੋਂ ਆਪਣੀ ਡਿਊਟੀ ਖਤਮ ਕਰਕੇ ਆਪਣੇ ਘਰ ਵਾਪਸ ਜਾ ਰਿਹਾ ਸੀ ਜੋ ਹਾਦਸੇ 'ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਜ਼ਿਆਦਾ ਸੱਟਾਂ ਲੱਗੀਆਂ, ਜਿਸ ਨੂੰ ਐਸ. ਐਸ. ਐਫ. ਦੀ ਟੀਮ ਵਲੋਂ ਐਨ. ਐਚ. ਏ. ਆਈ. ਐਬੂਲੈਂਸ ਦੀ ਮਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਰੋਪੜ ਵਿਖੇ ਭਰਤੀ ਕਰਵਾਇਆ | ਐਸ. ਐਸ. ਐਫ. ਦੀ ਟੀਮ ਵਲੋਂ ਬੇਸਹਾਰਾ ਪਸ਼ੂ ਤੇ ਆਟੋ ਨੂੰ ਸਾਇਡ 'ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਇਆ | ਐਸ. ਐਸ. ਐਫ. ਦੀ ਟੀਮ ਵਲੋਂ ਇਸ ਹਾਦਸੇ ਦੀ ਜਾਣਕਾਰੀ ਸੰਬੰਧਤ ਥਾਣਾ ਤੇ ਕੰਟਰੋਲ ਰੂਮ ਨਵਾਂਸ਼ਹਿਰ ਦੇ ਦਿੱਤੀ ਗਈ |