• ਕਿਸਾਨਾਂ ਦੇ ਝੋਨੇ ਦੀ ਫ਼ਸਲ ਦੀ ਪੈਦਾਵਾਰ ਘੱਟ ਰਹਿਣ ਕਾਰਨ ਦੀਵਾਲੀ ਦੇ ਰੰਗ ਪਏ ਫਿੱਕੇ
ਰਾਏਕੋਟ, 21 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਇਸ ਵਾਰ ਦੀਵਾਲੀ ਦਾ ਤਿਉਹਾਰ ਬਾਜ਼ਾਰਾਂ 'ਚ ਰੌਣਕ ਨਾ ਹੋਣ ਕਾਰਨ ਫਿੱਕਾ ਦਿਖਾਈ ਦੇ ਰਿਹਾ ਹੈ ਅਤੇ ਉੱਥੇ ਹੀ ਕਈ ਕਾਰਨਾਂ ਕਰਕੇ ਦੀਵਾਲੀ ਮੰਦੀ ਵਾਲਾ ਧੰਦਾ ਬਣਦੀ ਨਜ਼ਰ ਆਈ ਹੈ | ਜਿਸ ਵਿਚ ਸਭ ਤੋਂ ਵੱਡਾ ਕਾਰਨ ਇਸ ਵਾਰ ਭਾਰੀ ਬਰਸਾਤ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਦੀ ਪੈਦਾਵਰ ਵੱਡੇ ਪੱਧਰ ਤੱਕ ਘਟੀ ਹੈ, ਜਿਸ ਨਾਲ ਜਿੱਥੇ ਕਿਸਾਨਾਂ ਦੇ ਚਿਹਰੇ ਮੁਰਝਾਏ ਨਜ਼ਰ ਆ ਰਹੇ ਹਨ, ਉੱਥੇ ਹੀ ਕਿਸਾਨਾਂ ਦਾ ਪ੍ਰਤੀ ਏਕੜ 20-25 ਹਜ਼ਾਰ ਰੁਪਏ ਆਰਥਿਕ ਨੁਕਸਾਨ ਹੋਇਆ ਹੈ | ਇਸ ਸਭ ਦੇ ਚੱਲਦਿਆਂ ਰਾਏਕੋਟ ਸ਼ਹਿਰ ਦੇ ਬਜ਼ਾਰਾਂ 'ਚ ਦੀਵਾਲੀ ਦੀ ਰੌਣਕ ਨਾ-ਮਾਤਰ ਹੀ ਦੇਖਣ ਨੂੰ ਮਿਲੀ, ਉੱਥੇ ਹੀ ਲੋਕ ਨੇ ਬਹੁਤ ਕਿਰਸ ਵਰਤਿਆ ਸਿਰਫ ਜ਼ਰੂਰੀ ਚੀਜ਼ਾਂ ਦੀ ਹੀ ਖ਼ਰੀਦੋ-ਫਰੋਖਤ ਕਰ ਰਹੇ ਹਨ | ਇਸ ਮੌਕੇ ਗੱਲਬਾਤ ਕਰਦਿਆਂ ਕੁਝ ਦੁਕਾਨਦਾਰਾਂ ਨੇ ਆਖਿਆ ਕਿ ਇਸ ਵਾਰ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਪੂਰੀ ਤਰ੍ਹਾਂ ਤੋੜ ਦਿੱਤਾ ਹੈ ਅਤੇ ਲੋਕ ਦੀਵਾਲੀ 'ਤੇ ਖਰਚੇ ਕਰਨ ਤੋਂ ਅਸਮਰੱਥ ਨਜ਼ਰ ਆ ਰਹੇ ਹਨ | ਉਨ੍ਹਾਂ ਦੱਸਿਆ ਕਿ ਇਸ ਵਾਰ ਪਟਾਕਿਆਂ ਦੀ ਵਿਕਰੀ ਵੀ ਬਹੁਤ ਘੱਟ ਹੋ ਰਹੀ ਹੈ ਜਿਸ ਕਾਰਨ ਦੁਕਾਨਦਾਰਾਂ ਨੂੰ ਮੰਦੀ ਦੀ ਵੱਡੀ ਮਾਰ ਝੱਲਣੀ ਪਵੇਗੀ | ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਆਪਣੀਆਂ ਦੁਕਾਨਾਂ 'ਤੇ ਲੱਖਾਂ ਰੁਪਏ ਖ਼ਰਚ ਕੇ ਸਮਾਨ ਵੇਚਣ ਲਈ ਸਜਾਇਆ ਜਾਂਦਾ ਹੈ ਪ੍ਰੰਤੂ ਗ੍ਰਾਹਕਾਂ ਦੀ ਕਮੀ ਕਾਰਨ ਉਹ ਮਾਯੂਸੀ ਦੇ ਆਲਮ ਵਿਚ ਗ੍ਰਾਹਕਾਂ ਦੀ ਉਡੀਕ ਕਰ ਰਹੇ ਹਨ |
ਰਾਏਕੋਟ ਸ਼ਹਿਰ 'ਚ ਦੀਵਾਲੀ ਦੀ ਰੌਣਕ ਨਾ-ਮਾਤਰ ਰਹੀ
ਅਜੀਤ ਡੈਸਕ
22-10-2025