ਹੁਸ਼ਿਆਰਪੁਰ, 9 ਦਸੰਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਨਸਬੰਦੀ ਪੰਦ੍ਹਰਵਾੜੇ ਸਬੰਧੀ ਸਿਵਲ ਸਰਜਨ ਦਫ਼ਤਰ ਹੁਸ਼ਿਆਰਪੁਰ ਵਿਖੇ ਸਨਮਾਨ ਸਮਾਗਮ ਸਿਵਲ ਸਰਜਨ ਡਾ. ਬਲਬੀਰ ਕੁਮਾਰ ਦੀ ਪ੍ਰਧਾਨਗੀ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਧਿਕਾਰੀ ਡਾ. ਰਣਜੀਤ ਸਿੰਘ ਦੀ ਅਗਵਾਈ 'ਚ ਕਰਵਾਇਆ ਗਿਆ | ਜਿਸ 'ਚ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਵਾਤੀ ਸ਼ੀਂਮਾਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਸੀਮਾ ਗਰਗ, ਸਹਾਇਕ ਸਿਵਲ ਸਰਜਨ ਡਾ. ਅਜੇ ਬਸਰਾ, ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਕਪਿਲ ਡੋਗਰਾ, ਸਮੂਹ ਸਿਹਤ ਸੰਸਥਾਵਾਂ ਦੇ ਸੀਨੀਅਰ ਮੈਡੀਕਲ ਅਫ਼ਸਰ, ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਰਵਿੰਦਰ ਜੱਸਲ ਹਾਜ਼ਰ ਸਨ | ਇਸ ਮੌਕੇ ਨਸਬੰਦੀ ਪੰਦ੍ਹਰਵਾੜੇ 'ਚ ਵਧੀਆ ਯੋਗਦਾਨ ਦੇਣ ਵਾਲੇ ਸਰਜਨ ਡਾਕਟਰਾਂ, ਨਸਬੰਦੀ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੇ ਮੇਲ ਹੈਲਥ ਵਰਕਰਾਂ ਅਤੇ ਸਬੰਧਿਤ ਬਲਾਕਾਂ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਸਨਮਾਨਿਤ ਕੀਤਾ ਗਿਆ | ਸਿਵਲ ਸਰਜਨ ਡਾ. ਬਲਬੀਰ ਕੁਮਾਰ ਨੇ ਕਿਹਾ ਕਿ ਨਸਬੰਦੀ ਪੰਦ੍ਹਰਵਾੜੇ ਦਾ ਮੁੱਖ ਉਦੇਸ਼ ਲੋਕਾਂ ਨੂੰ ਪਰਿਵਾਰ ਨਿਯੋਜਨ ਸੇਵਾਵਾਂ ਬਾਰੇ ਜਾਗਰੂਕ ਕਰਨਾ ਅਤੇ ਜ਼ਿਲ੍ਹੇ ਵਿਚ ਮਾਤਾ-ਬੱਚਾ ਸਿਹਤ ਨੂੰ ਮਜ਼ਬੂਤ ਕਰਨਾ ਹੈ | ਉਨ੍ਹਾਂ ਨੇ ਕਿਹਾ ਕਿ ਸਾਡੇ ਜ਼ਿਲੇ੍ਹ ਦੀ ਸਿਹਤ ਟੀਮਾਂ ਨੇ ਪੰਦ੍ਹਰਵਾੜੇ ਦੌਰਾਨ ਬਹੁਤ ਹੀ ਜ਼ਿੰਮੇਵਾਰੀ ਅਤੇ ਸਮਰਪਣ ਨਾਲ ਕੰਮ ਕੀਤਾ ਹੈ | ਨਸਬੰਦੀ ਵਰਗੀਆਂ ਸੇਵਾਵਾਂ ਦੇ ਨਾਲ ਅਸੀਂ ਪਰਿਵਾਰਕ ਸਿਹਤ ਨੂੰ ਮਜ਼ਬੂਤ ਕਰਦੇ ਹਾਂ | ਜ਼ਿਲ੍ਹਾ ਪਰਿਵਾਰ ਭਲਾਈ ਅਧਿਕਾਰੀ ਡਾ. ਰਣਜੀਤ ਸਿੰਘ ਨੇ ਕਿਹਾ ਕਿ ਪਿੰਡ ਤੋਂ ਸ਼ਹਿਰ ਤੱਕ ਸਿਹਤ ਟੀਮਾਂ ਨੇ ਲੋਕਾਂ ਨੂੰ ਸੁਰੱਖਿਅਤ ਅਤੇ ਮੁਫ਼ਤ ਪਰਿਵਾਰ ਨਿਯੋਜਨ ਸੇਵਾਵਾਂ ਬਾਰੇ ਜਾਗਰੂਕ ਕੀਤਾ ਹੈ | ਇਸ ਮੌਕੇ ਬੀ.ਈ.ਈ. ਅਮਨਦੀਪ ਸਿੰਘ ਅਤੇ ਜ਼ਿਲ੍ਹਾ ਪੀ.ਐਨ.ਡੀ.ਟੀ. ਕੋਆਰਡੀਨੇਟਰ ਅਭੈ ਮੋਹਨ ਵੀ ਮੌਜੂਦ ਸਨ |