ਹੁਸ਼ਿਆਰਪੁਰ, 9 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਮੈਡੀਕਲ ਕਮਿਸ਼ਨਰ ਡਾ: ਸਵਾਤੀ ਸ਼ੀਂਮਾਰ ਵਲੋਂ ਨਸ਼ਾ ਛੁਡਾਊ ਤੇ ਮੁੜ ਵਸੇਵਾ ਕੇਂਦਰ ਮੁਹੱਲਾ ਫ਼ਤਿਹਗੜ੍ਹ ਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ | ਇਸ ਮੌਕੇ ਉਨ੍ਹਾਂ ਮਰੀਜ਼ਾਂ ਨੂੰ ਮਿਲਣ ਪਹੁੰਚੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ | ਦੌਰੇ ਦੌਰਾਨ ਉਨ੍ਹਾਂ ਮਰੀਜ਼ਾਂ ਨੂੰ ਮਿਲਣ ਵਾਲੇ ਖਾਣੇ ਦੀ ਵੀ ਜਾਂਚ ਕੀਤੀ | ਇਸ ਮੌਕੇ ਡਾ: ਸਵਾਮੀ ਸ਼ੀਂਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ, ਉਸੇ ਤਹਿਤ ਇਹ ਦੌਰਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਨਸ਼ਾ ਛੁਡਾਊ ਕੇਂਦਰ 'ਚ ਮਰੀਜ਼ਾਂ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇੱਥੇ ਮਰੀਜ਼ਾਂ ਨੂੰ ਆਤਮ-ਨਿਰਭਰਤਾ ਲਈ ਸਲੂਨ, ਕੁਕਿੰਗ, ਗਾਰਡਨ 'ਚ ਮਾਲੀ ਦਾ ਕੰਮ ਸਿਖਾਇਆ ਜਾ ਰਿਹਾ ਹੈ ਅਤੇ ਹੁਣ ਦੁਪੱਟੇ ਰੰਗਣ, ਗਮਲੇ ਨੂੰ ਰੰਗ ਕਰਨਾ ਤੇ ਮੋਬਾਈਲ ਰਿਪੇਅਰ ਦਾ ਕੰਮ ਵੀ ਸਿਖਾਇਆ ਜਾਵੇਗਾ | ਇਸ ਕੇਂਦਰ 'ਚ ਮਰੀਜ਼ਾਂ ਲਈ ਜਿੰਮ, ਖੇਡਣ ਲਈ ਵਧੀਆ ਮੈਦਾਨ, ਲਾਇਬ੍ਰੇਰੀ, ਪੂਜਾ ਕਮਰਾ, ਸੰਗੀਤ ਲਈ ਵਧੀਆ ਕਮਰਾ ਤਿਆਰ ਕੀਤਾ ਤੇ ਖਾਣਾ-ਖਾਣ ਵਾਸਤੇ ਡਾਇਨਿੰਗ ਹਾਲ ਦਾ ਵੀ ਪ੍ਰਬੰਧ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹੁਣ ਵਾਲੀਬਾਲ ਗਰਾਉਂਡ ਅਤੇ ਕੰਪਿਊਟਰ ਲੈਬ ਵੀ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਲਈ ਡਿਪਟੀ ਕਮਿਸ਼ਨਰ ਵਲੋਂ 27 ਲੱਖ ਦੀ ਰਾਸ਼ੀ ਭੇਜੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਸਮੇਂ ਕੇਂਦਰ 'ਚ 102 ਮਰੀਜ਼ ਦਾਖਲ ਹਨ, ਜਿਨ੍ਹਾਂ ਦੀ ਦੇਖਭਾਲ ਲਈ 36 ਮੁਲਾਜ਼ਮ 24 ਘੰਟੇ ਤਾਇਨਾਤ ਹਨ | ਉਨ੍ਹਾਂ ਦੱਸਿਆ ਕਿ ਜੇਕਰ ਕੋਈ ਮਰੀਜ਼ ਜ਼ਿਆਦਾ ਬਿਮਾਰ ਹੋ ਜਾਵੇ ਤਾਂ 10 ਮਿੰਟ 'ਚ ਐਂਬੂਲੈਂਸ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ | ਇਸ ਮੌਕੇ ਉਨ੍ਹਾਂ ਮਰੀਜ਼ਾਂ ਨੂੰ ਜ਼ਿੰਦਗੀ 'ਚ ਨਸ਼ੇ ਨਾ ਕਰਨ ਲਈ ਸਹੁੰ ਵੀ ਚੁਕਾਈ |