ਮਾਹਿਲਪੁਰ, 4 ਦਸੰਬਰ (ਰਜਿੰਦਰ ਸਿੰਘ)-ਖ਼ਾਲਸਾ ਕਾਲਜ ਮਾਹਿਲਪੁਰ ਵਿਚ ਸਥਿਤ ਪਿ੍ੰਸੀਪਲ ਹਰਭਜਨ ਸਿੰਘ ਫੁੱਟਬਾਲ ਸਟੇਡੀਅਮ ਵਿਚ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਵੱਲੋਂ ਕਰਵਾਏ ਜਾ ਰਹੀ 79ਵੀਂ ਸੰਤੋਸ਼ ਟਰਾਫ਼ੀ ਦੇ ਗਰੁੱਪ-ਏ ਦੇ ਫੁੱਟਬਾਲ ਮੈਚਾਂ ਦੀਆਂ ਪ੍ਰਬੰਧਕੀ ਤਿਆਰੀਆਂ ਦਾ ਜਾਇਜ਼ਾ ਅਰਜੁਨ ਐਵਾਰਡੀ ਫੁੱਟਬਾਲ ਖਿਡਾਰੀ ਗੁਰਦੇਵ ਸਿੰਘ ਗਿੱਲ, ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਜੱਗਾ, ਜੁਆਇੰਟ ਸਕੱਤਰ ਵਿਜੇ ਬਾਲੀ, ਪਿ੍ੰ. ਡਾ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਲਿਆ ਗਿਆ | ਇਸ ਮੌਕੇ ਪਿ੍ੰ. ਡਾ ਪਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਅਗਵਾਈ ਹੇਠ 15 ਤੋਂ 19 ਦਸੰਬਰ ਤੱਕ ਹੋ ਰਹੇ ਸੰਤੋਸ਼ ਟਰਾਫ਼ੀ ਦੇ ਮੈਚਾਂ ਲਈ ਖ਼ਾਲਸਾ ਕਾਲਜ ਮਾਹਿਲਪੁਰ ਦੀਆਂ ਖੇਡ ਗਰਾਊਾਡਾਂ ਨੂੰ ਚੁਣਿਆ ਜਾਣਾ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਮੈਚਾਂ ਦੇ ਚੰਗੇ ਸੰਚਾਲਨ ਲਈ ਤਿਆਰੀਆਂ ਚੱਲ ਰਹੀਆਂ ਹਨ | ਇਸ ਮੌਕੇ ਐਸੋਸੀਏਸ਼ਨ ਦੇ ਸਕੱਤਰ ਹਰਜਿੰਦਰ ਸਿੰਘ ਨੇ ਕਿਹਾ ਕਿ ਇਸ ਚੈਂਪੀਅਨਸ਼ਿਪ ਵਿਚ ਪੰਜਾਬ , ਜੰਮੂ ਕਸ਼ਮੀਰ, ਲਦਾਖ਼ , ਹਿਮਾਚਲ ਪ੍ਰਦੇਸ਼ ਅਤੇ ਹੋਰ ਰਾਜਾਂ ਦੀਆਂ ਟੀਮਾਂ ਸੀਨੀਅਰ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਦੇ ਗਰੁੱਪ ਏ ਵਿਚ ਭਿੜਨਗੀਆਂ | ਉਨ੍ਹਾਂ ਕਿਹਾ ਕਿ ਕਾਲਜ ਵਿਚ ਸਥਿਤ ਪਿ੍ੰਸੀਪਲ ਹਰਭਜਨ ਸਿੰਘ ਫੁੱਟਬਾਲ ਸਟੇਡੀਅਮ ਅਤੇ ਕਾਲਜ ਦੀਆਂ ਖੇਡ ਗਰਾਊਾਡਾਂ ਨੇ ਫੁੱਟਬਾਲ ਦੇ ਇਤਿਹਾਸ ਵਿਚ ਅਹਿਮ ਯੋਗਦਾਨ ਪਾਇਆ ਹੈ ਅਤੇ ਪ੍ਰਬੰਧਕਾਂ ਵੱਲੋਂ ਬਹੁਤ ਮਿਹਨਤ ਨਾਲ ਸੰਤੋਸ਼ ਟਰਾਫ਼ੀ ਦੇ ਮੈਚਾਂ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਇਸ ਮੌਕੇ ਹਾਜ਼ਰ ਜੁਆਇੰਟ ਸਕੱਤਰ ਵਿਜੇ ਬਾਲੀ ਅਤੇ ਉੱਘੇ ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਨੇ ਕਿਹਾ ਕਿ ਮਾਹਿਲਪੁਰ ਵਿਚ ਸੰਤੋਸ਼ ਟਰਾਫ਼ੀ ਦੇ ਫੁੱਟਬਾਲ ਮੈਚ ਇਲਾਕੇ ਦੇ ਖੇਡ ਪ੍ਰੇਮੀਆਂ ਲਈ ਵੱਡਾ ਆਕਰਸ਼ਣ ਹੋਣਗੇ |